Saturday, 27 April 2013

"ਸੰਪਾਦਕਾ ਤੇਰੇ ਪੱਤਰਕਾਰ"

ਕੀ ਕੀ ਸ਼ਬਦ ਵਰਤਾਂ
ਮੈਂ ਤੇਰੀ ਕਾਰਗੁਜਾਰੀ ਲਈ ?
ਕੀ ਕੀ ਪੁਲ ਬੰਨ੍ਹਾ
ਮੈਂ ਤੇਰੀਆਂ ਸਿਫਤਾਂ ਲਈ ?
ਤੂੰ ਅਕਸਰ ਦਾਅ ਖੇਡਦਾਂ
ਓੁਹਨਾਂ ਖੋਤੀਆਂ ਤੇ
ਜੋ ਮੁੜ ਆਓੁਂਦੀਆਂ
ਮੁੜ ਘਿੜ ਬੋਹੜ ਥੱਲੇ ।
ਕਸੂਰ ਇਸ 'ਚ
ਖੋਤੀ ਦਾ ਨਹੀਂ
ਤੇਰੀ ਗਲਤ ਚੋਣ ਦਾ ਹੈ ।
ਕਸੂਰ ਹੈ ਤਾਂ
ਤੇਰੇ ਚੁਣੇਂ ਹੋਏ
ਝੂਠੇ, ਮਤਲਬੀ ਪੱਤਰਕਾਰਾਂ ਦਾ ।
ਜੋ ਆਕੜ ਵਿੱਚ ਥੁੱਕਦੇ ਨੇ
ਅਸਮਾਨ ਓੁੱਪਰ
ਫਿਰ ਚੱਟਦੇ ਵੀ ਨੇ
ਇਹ ਥੁੱਕਿਆ ਹੋਇਆ ।
ਬਹੁਤ ਮਾਰਦੇ ਨੇ
ਪੰਥ ਦੇ ਨਾਅਰੇ,
ਪਰ ਭੁੱਲ ਜਾਂਦਾ ਇਹਨਾਂ ਨੂੰ
ਦਵਿੰਦਰ ਭੁੱਲਰ
ਜੇਲ੍ਹ 'ਚ ਤੜਪਦਾ ਸਰਬਜੀਤ
ਕਿਓੁਂ ਕਿ ਇਹਨਾਂ ਬੱਸ
ਨੰਬਰ ਬਨਾਓੁਂਣੇਂ ਹੁੰਦੇ ਨੇ
ਕਬਰ ਪੁੱਟ ਪੁੱਟ ਕੇ
ਸ਼ਮਸ਼ਾਦ ਬੇਗਮ ਦੀ
ਫਿਰ ਬੇਸ਼ਕ ਆਪਣੇਂ ਹੀ ਸਿਰ
ਮਿੱਟੀ ਕਿਓੁਂ ਨਾ ਪਵੇ ।
ਲੱਤਾਂ ਵੀ ਘੜੀਸਣਗੇ
ਇਕ ਦੂਜੇ ਦੀਆਂ ।
ਜੱਫੀਆਂ ਵੀ ਪਾਓੁਂਣਗੇ
ਜਨਤਕ ਥਾਵਾਂ ਤੇ
ਸਿਰਫ ਵਿਖਾਵਾ ਕਰਨ ਲਈ
ਕਿ ਬਹੁਤ ਨਿਮਰ, ਸੱਚੇ ਹਾਂ ਅਸੀਂ
ਫਿਰ ਪਿੱਠ ਵੱਟਦੇ
ਗਾਲੀ ਗਲੋਚ ਵੀ ਕਰਨਗੇ
ਇਕ ਦੂਜੇ ਲਈ ।
ਕਈ ਅਖਬਾਰਾਂ 'ਚ
ਕਰਦੇ ਨੇ
ਦਿਨੇ ਹੀ ਆਤਸ਼ਬਾਜੀ
ਜਦਕਿ ਖੜ੍ਹਾ ਹੁੰਦਾ ਸੂਰਜ
ਦਿਵਾਲੀ ਦੀ ਦੁਪਹਿਰ ਦਾ ।
ਖਬਰ ਵੀ ਓੁਹ ਲਾਓੁਣਗੇ
ਜਿਸ ਨਾਲ ਫੀਤ੍ਹੀ ਲੱਗਦੀ ਹੋਵੇ
ਇਹਨਾਂ ਦੇ ਮੋਢੇ 'ਤੇ
ਜਾਂ ਭਰਦੀ ਹੋਵੇ
ਜੇਬ੍ਹ ਇਹਨਾਂ ਦੀ
ਨਹੀਂ ਤਾਂ ਕਹਿ ਦਿੰਦੇ ਨੇ
ਫੋਨ 'ਤੇ ਹੀ
" ਲਵਾ ਲਓ ਖਬਰ ਕਿਸੇ ਹੋਰ ਤੋਂ
ਮੈ ਛੱਡ ਤੀ ਅਖਬਾਰ "।
ਕੁੱਝ ਕੁ ਮਜਦੂਰੀ ਕਰਾਓੁਂਦੇ ਨੇ
ਸ਼ਹੀਦ ਓੂਧਮ ਸਿੰਘ ਦੇ
ਪੋਤਿਆਂ ਤੋਂ , ਪੜਪੋਤਿਆਂ ਤੋਂ ।
ਸਦਕੇ ਜਾਵਾਂ ਇਹਨਾਂ ਦੇ
ਇਹਨਾਂ ਦੀ ਸੋਚ ਦੇ
ਇਹਨਾਂ ਦੇ ਗਿਆਨ ਦੇ
ਸਦਕੇ ਜਾਵਾਂ ਇਹਨਾਂ ਦੀ ਖੋਜ ਦੇ
ਜੋ ਬਿਨ ਵਿਆਹੇ ਸ਼ਹੀਦ ਦੇ
ਬਣਾ ਰਹੇ ਨੇ ਪੋਤੇ ਪੜਪੋਤੇ ।
ਕੁੱਝ ਦੱਸਦੇ ਨੇ
ਅਜਾਦੀ ਘੁਲਾਟੀਆਂ
ਸੁਤੰਤਰਤਾ ਸੰਗਰਾਮੀਂ
ਮਹਾਨ ਕਵੀ ਪਾਸ਼ ਨੂੰ ।
ਬੱਸ ਹੁਣ ਸ਼ਬਦ ਨਹੀਂ
ਮੇਰੇ ਕੋਲ
ਕਿ ਮੈਂ ਸਿਫਤਾਂ ਕਰਾਂ
ਹੋਰ ਤੇਰੇ ਪੱਤਰਕਾਰਾਂ ਦੀਆਂ ।
ਸਿਰ ਝੁੱਕਦਾ ਹੈ ਮੇਰਾ
ਇਹਨਾਂ ਦੀਆਂ ਯੋਗਤਾਵਾਂ ਅੱਗੇ
ਤੇਰੀ ਚੋਣ ਅੱਗੇ ।
ਕਿਆ ਕਹਿਣੇਂ
ਸੰਪਾਦਕਾ ਤੇਰੇ ਪੱਤਰਕਾਰਾਂ ਦੇ ।


Friday, 12 April 2013

ਟੋਟਕੇ

"ਸਾਡਾ ਹੱਕ" ਕਹਿੰਦੇ ਅਸੀਂ ਲੈਣਾਂ,
ਸਨੇਮਿਆਂ 'ਚ ਨਾਅਰੇ ਮਾਰ ਕੇ ।


ਅਖਬਾਰਾਂ ਵਾਲੇ ਵੀ ਚੁੱਪ ਕਰ ਬੈਠ ਗਏ ,
ਪੱਤਰਕਾਰਾਂ ਟਿਕਟਾਂ ਵੇਚੀਆਂ ।


ਭੁੱਲ ਗਈ ਫਾਂਸੀ ਭੁੱਲਰ ਦੀ ਇਹਨਾਂ ਨੂੰ,
ਸੰਪਾਦਕਾਂ ਨੇ ਜੇਬਾਂ ਭਰੀਆਂ ।


ਵਿਦੇਸ਼ੋਂ ਮੁੜਦੇ ਭਿੱਜੀ ਬਿੱਲੀ ਬਣ ਕੇ,
ਹਨੇਰਿਆਂ 'ਚ ਸ਼ੇਰ ਦੱਸਦੇ ।


ਕਤਲ ਕਰਤੇ ਜੋ ਲੋਕਾਂ ਲਈ ਲੜਦੇ,
ਖੁਦ ਨੂੰ "ਜਿੰਦਾ ਸ਼ਹੀਦ" ਦੱਸਦੇ ।


ਖਿਤਾਬ ਮਿਲਦਾ "ਜਿੰਦਾ ਸ਼ਹੀਦ" ਦਾ,
ਗੁਰੂ ਘਰ ਦੀ ਜਮੀਨ ਦੱਬ ਕੇ ।


ਜੇਲ ਵਾਲੇ ਫਾਂਸੀ ਤੋਂ ਨੀਂ ਡਰਦੇ,
ਭੇਡਾਂ ਦੀ ਬਾਹਰ ਥੋੜ੍ਹ ਕੋਈ ਨਾ ।


ਚਿੱਠੀ ਲਿਖਦਾ "ਜਿੰਦਾ ਸ਼ਹੀਦ" ਗੱਜ ਕੇ,
ਜਦ ਬਾਦਲਾਂ ਨੂੰ ਲੋੜ ਪੈ ਜਾਵੇ ।


ਗਾਣਾਂ ਵੱਜਦਾ "ਵਾਹਿਗੁਰੂ ਦਾ ਖਾਲਸਾ"
ਮੰਡੀਰ ਦੇ ਨਾਲ ਮੱਘੇ ਵੱਜਦੇ ।


ਦਿਨ ਆਇਆ ਵਿਸਾਖੀ ਦਾ,
ਲੰਗਰਾਂ ਦੇ ਮੁਕਾਬਲੇ ਚੱਲਦੇ ।


ਨਜਾਇਜ ਹੋਈਆਂ ਇਹਨਾਂ ਦੇ ਨਾਲ,
ਭਈਆ ਮਾਰ ਕੇ ਜਾਇਜ ਦੱਸਦੇ ।


ਅਜਾਦੀ ਲੈਣੀਂ ਕਹਿੰਦੇ ਅਸੀਂ ਲੜ੍ਹ ਕੇ,
ਬੀਬੀਆਂ ਨੂੰ ਮਨਾਹੀ ਸੁਰਖੀ ਦੀ ।


ਜਵਾਬ ਹੋਵੇ ਨਾ ਜਦ ਕੋਈ ਵੀ,
ਗਾਲ੍ਹੀ ਕੱਢ ਰਸਨਾਂ ਪਵਿੱਤਰ ਕਰਦੇ ।


"ਜਾਤ- ਪਾਤ ਪੁਛੈ ਨਾ ਕੋਇ"
ਪ੍ਰਸ਼ਾਦਿ ਦੀਆਂ ਵੱਖਰੀਆਂ ਖਿੜਕੀਆਂ ।


ਨਸ਼ਾ ਮੁਕਤ ਪੰਜਾਬ ਬਨਾਓੁਣਾਂ,
ਨਸ਼ੇੜੀਆਂ ਦੇ ਮੱਥੇ ਟੇਕ ਕੇ ।


ਵਿੱਦਿਆ ਗਿਆਨ ਘਰ ਘਰ ਪਹੁੰਚਾਓੁਣਾਂ,
ਮੰਦਰਾਂ ਤੇ ਸੋਨਾਂ ਮੜ੍ਹ ਕੇ ।


ਮਾਰੇ ਬੱਸਾਂ ਵਿੱਚੋਂ ਚੁਣ ਚੁਣ ਕੇ,
ਖਾਲਿਸਤਾਨ 'ਚ ਹਿੰਦੂਆਂ ਦੀ ਮਨਾਹੀ ਕੋਈ ਨਾ ।


ਭਿੰਡਰਾਂਵਾਲੇ ਦੀ ਸਿਆਣਪ ਬੇਮਿਸਾਲ,
ਝਟਕੇ 'ਚ ਪੰਜ ਹਜਾਰ ਹਿੰਦੂ ਵੱਢਦਾ ।


ਦਾਅਵਾ ਕਰਦੇ ਜਿਹਨਾਂ ਨੂੰ ਸਲਵਾਰਾਂ ਪਹਿਨਾਓੁਂਣ ਦਾ,
ਓੁਹਨਾਂ ਦੇ ਨਾਲ ਲਾਈਆਂ ਯਾਰੀਆਂ ।


ਪਾਣੀਂ ਹੋਇਆ ਪੰਜਾਬ ਦਾ ਡੂੰਘਾ,
ਸਰੋਵਰਾਂ ਚੋਂ ਸਿੰਜੋਂ ਫਸਲਾਂ ।


ਭੁੱਖੇ ਮਰਦੇ ਲੋਕ ਸੜਕਾਂ ਤੇ,
ਲਿੰਗ ਨੂੰ ਦੁੱਧ ਚੜ੍ਹਦਾ ।


ਭਵਸਾਗਰ ਲੰਘਾਓੁਣਾਂ ਜਿਹਨਾਂ ਪਾਰ ਸੀ
ਗੋਬਿੰਦ ਘਾਟ ਡੁੱਬੇ ਆਣ ਕੇ ।


ਜਿਹਨੂੰ ਫਿਰਦਾ ਸੀ ਵਾਲਾਂ 'ਚ ਫਸਾਈ
ਓੁਹ ਅਮਲੀ ਗੰਗਾ ਨੇ ਰੋੜ੍ਹ ਤਾ ।


ਜਿਹੜਾ ਆਪ ਹੀ ਗੋਤੇ ਖਾ ਗਿਆ
ਤੁਹਾਨੂੰ ਕੀ ਬਚਾਓੂ ਰੱਬ ਓੁਏ ?


ਜਿਹੜੇ ਫੋਜ ਨੂੰ ਸੀ ਗਾਲ੍ਹਾ ਕੱਢਦੇ
ਓੁਹੀ ਹੁਣ ਪਾਓੁਂਣ ਜੱਫੀਆਂ ।


ਭਗਤ ਪਾਓੁਂਦੇ ਨੇ ਪਿੱਟ ਸਿਆਪਾ
ਸਵਰਗਾਂ ਦੇ ਬੂਹੇ ਦੇਖ ਕੇ ।


ਹੁਣ ਮਦਦ ਦੀ ਗੁਹਾਰ ਨੇ ਲਗਾਓੁਂਦੇ
ਤੇ "ਤੇਰਾ ਭਾਣਾਂ ਮਿੱਠਾ ਦੱਸਦੇ" ।



ਮਨਦੀਪ ਸੁੱਜੋਂ