Saturday 27 April 2013

"ਸੰਪਾਦਕਾ ਤੇਰੇ ਪੱਤਰਕਾਰ"

ਕੀ ਕੀ ਸ਼ਬਦ ਵਰਤਾਂ
ਮੈਂ ਤੇਰੀ ਕਾਰਗੁਜਾਰੀ ਲਈ ?
ਕੀ ਕੀ ਪੁਲ ਬੰਨ੍ਹਾ
ਮੈਂ ਤੇਰੀਆਂ ਸਿਫਤਾਂ ਲਈ ?
ਤੂੰ ਅਕਸਰ ਦਾਅ ਖੇਡਦਾਂ
ਓੁਹਨਾਂ ਖੋਤੀਆਂ ਤੇ
ਜੋ ਮੁੜ ਆਓੁਂਦੀਆਂ
ਮੁੜ ਘਿੜ ਬੋਹੜ ਥੱਲੇ ।
ਕਸੂਰ ਇਸ 'ਚ
ਖੋਤੀ ਦਾ ਨਹੀਂ
ਤੇਰੀ ਗਲਤ ਚੋਣ ਦਾ ਹੈ ।
ਕਸੂਰ ਹੈ ਤਾਂ
ਤੇਰੇ ਚੁਣੇਂ ਹੋਏ
ਝੂਠੇ, ਮਤਲਬੀ ਪੱਤਰਕਾਰਾਂ ਦਾ ।
ਜੋ ਆਕੜ ਵਿੱਚ ਥੁੱਕਦੇ ਨੇ
ਅਸਮਾਨ ਓੁੱਪਰ
ਫਿਰ ਚੱਟਦੇ ਵੀ ਨੇ
ਇਹ ਥੁੱਕਿਆ ਹੋਇਆ ।
ਬਹੁਤ ਮਾਰਦੇ ਨੇ
ਪੰਥ ਦੇ ਨਾਅਰੇ,
ਪਰ ਭੁੱਲ ਜਾਂਦਾ ਇਹਨਾਂ ਨੂੰ
ਦਵਿੰਦਰ ਭੁੱਲਰ
ਜੇਲ੍ਹ 'ਚ ਤੜਪਦਾ ਸਰਬਜੀਤ
ਕਿਓੁਂ ਕਿ ਇਹਨਾਂ ਬੱਸ
ਨੰਬਰ ਬਨਾਓੁਂਣੇਂ ਹੁੰਦੇ ਨੇ
ਕਬਰ ਪੁੱਟ ਪੁੱਟ ਕੇ
ਸ਼ਮਸ਼ਾਦ ਬੇਗਮ ਦੀ
ਫਿਰ ਬੇਸ਼ਕ ਆਪਣੇਂ ਹੀ ਸਿਰ
ਮਿੱਟੀ ਕਿਓੁਂ ਨਾ ਪਵੇ ।
ਲੱਤਾਂ ਵੀ ਘੜੀਸਣਗੇ
ਇਕ ਦੂਜੇ ਦੀਆਂ ।
ਜੱਫੀਆਂ ਵੀ ਪਾਓੁਂਣਗੇ
ਜਨਤਕ ਥਾਵਾਂ ਤੇ
ਸਿਰਫ ਵਿਖਾਵਾ ਕਰਨ ਲਈ
ਕਿ ਬਹੁਤ ਨਿਮਰ, ਸੱਚੇ ਹਾਂ ਅਸੀਂ
ਫਿਰ ਪਿੱਠ ਵੱਟਦੇ
ਗਾਲੀ ਗਲੋਚ ਵੀ ਕਰਨਗੇ
ਇਕ ਦੂਜੇ ਲਈ ।
ਕਈ ਅਖਬਾਰਾਂ 'ਚ
ਕਰਦੇ ਨੇ
ਦਿਨੇ ਹੀ ਆਤਸ਼ਬਾਜੀ
ਜਦਕਿ ਖੜ੍ਹਾ ਹੁੰਦਾ ਸੂਰਜ
ਦਿਵਾਲੀ ਦੀ ਦੁਪਹਿਰ ਦਾ ।
ਖਬਰ ਵੀ ਓੁਹ ਲਾਓੁਣਗੇ
ਜਿਸ ਨਾਲ ਫੀਤ੍ਹੀ ਲੱਗਦੀ ਹੋਵੇ
ਇਹਨਾਂ ਦੇ ਮੋਢੇ 'ਤੇ
ਜਾਂ ਭਰਦੀ ਹੋਵੇ
ਜੇਬ੍ਹ ਇਹਨਾਂ ਦੀ
ਨਹੀਂ ਤਾਂ ਕਹਿ ਦਿੰਦੇ ਨੇ
ਫੋਨ 'ਤੇ ਹੀ
" ਲਵਾ ਲਓ ਖਬਰ ਕਿਸੇ ਹੋਰ ਤੋਂ
ਮੈ ਛੱਡ ਤੀ ਅਖਬਾਰ "।
ਕੁੱਝ ਕੁ ਮਜਦੂਰੀ ਕਰਾਓੁਂਦੇ ਨੇ
ਸ਼ਹੀਦ ਓੂਧਮ ਸਿੰਘ ਦੇ
ਪੋਤਿਆਂ ਤੋਂ , ਪੜਪੋਤਿਆਂ ਤੋਂ ।
ਸਦਕੇ ਜਾਵਾਂ ਇਹਨਾਂ ਦੇ
ਇਹਨਾਂ ਦੀ ਸੋਚ ਦੇ
ਇਹਨਾਂ ਦੇ ਗਿਆਨ ਦੇ
ਸਦਕੇ ਜਾਵਾਂ ਇਹਨਾਂ ਦੀ ਖੋਜ ਦੇ
ਜੋ ਬਿਨ ਵਿਆਹੇ ਸ਼ਹੀਦ ਦੇ
ਬਣਾ ਰਹੇ ਨੇ ਪੋਤੇ ਪੜਪੋਤੇ ।
ਕੁੱਝ ਦੱਸਦੇ ਨੇ
ਅਜਾਦੀ ਘੁਲਾਟੀਆਂ
ਸੁਤੰਤਰਤਾ ਸੰਗਰਾਮੀਂ
ਮਹਾਨ ਕਵੀ ਪਾਸ਼ ਨੂੰ ।
ਬੱਸ ਹੁਣ ਸ਼ਬਦ ਨਹੀਂ
ਮੇਰੇ ਕੋਲ
ਕਿ ਮੈਂ ਸਿਫਤਾਂ ਕਰਾਂ
ਹੋਰ ਤੇਰੇ ਪੱਤਰਕਾਰਾਂ ਦੀਆਂ ।
ਸਿਰ ਝੁੱਕਦਾ ਹੈ ਮੇਰਾ
ਇਹਨਾਂ ਦੀਆਂ ਯੋਗਤਾਵਾਂ ਅੱਗੇ
ਤੇਰੀ ਚੋਣ ਅੱਗੇ ।
ਕਿਆ ਕਹਿਣੇਂ
ਸੰਪਾਦਕਾ ਤੇਰੇ ਪੱਤਰਕਾਰਾਂ ਦੇ ।


No comments:

Post a Comment