Saturday 13 July 2013

ਕੈਮਰੇ ਵਾਲਿਆ ਪੱਤਰਕਾਰਾ ਖਿੱਚ ਫੋਟੋ

ਕੈਮਰੇ ਵਾਲਿਆ ਪੱਤਰਕਾਰਾ ਖਿੱਚ ਫੋਟੋ,
ਬਲਾਤਕਾਰ ਹੋ ਗਿਆ ਹੈ
ਕੋਈ ਬੇ ਪੱਤ ਹੋ ਗਿਆ ਹੈ
ਕਿਸੇ ਦੇ ਜਿਸਮ ਤੇ
ਹਵਸ ਨੇ ਝਰੀਟਾਂ ਮਾਰ ਦਿੱਤੀਆਂ ਨੇਂ ,
ਪਾਟੇ ਹੋਏ ਕੱਪੜਿਆਂ ਵਿੱਚੋਂ
ਜ਼ਖਮੀਂ ਜਿਸਮ ਦਿਖ ਰਿਹਾ ਹੈ,
ਤੇਰੀ ਕੱਲ੍ਹ ਦੀ ਅਖਬਾਰ ਲਈ
ਮਸਾਲਾ ਤਿਆਰ ਹੈ
ਕੈਮਰੇ ਵਾਲਿਆ ਪੱਤਰਕਾਰਾ ਖਿੱਚ ਫੋਟੋ ।
... ਬੇਰੁਜਗਾਰ ਇਕ ਨੋਜਵਾਨ ਹੈ
ਸਿਫਾਰਿਸ਼ਾਂ, ਰਿਜ਼ਰਵੇਸ਼ਨਾਂ
ਦਾ ਸਤਾਇਆ ਹੋਇਆ ਹੈ
ਨੋਕਰੀ ਨਹੀਂ ਡਾਂਗਾਂ ਮਿਲਦੀਆਂ ਨੇਂ
ਤੇ ਸਰਕਾਰ ਸੇਵਾ ਦੱਸਦੀ ਹੈ ਇਸ ਨੂੰ
ਫਿਰ ਇਕ ਆਤਮਦਾਹ ਹੁੰਦਾ ਹੈ
ਕੈਮਰੇ ਵਾਲਿਆ ਪੱਤਰਕਾਰਾ ਖਿੱਚ ਫੋਟੋ ।
ਇਕ ਓੁਹ ਕਿਸਾਨ ਵੀ ਹੈ
ਜਿਸਨੂੰ ਅੰਨ ਦਾਤਾ ਆਖਦੇ ਨੇਂ
ਪਰ ਓੁਸ ਦੇ ਆਪਣੇਂ ਜਵਾਕ ਭੁੱਖੇ ਮਰਦੇ ਨੇਂ
ਫਿਰ ਕਰਜ਼ਾ ਚੜ੍ਹਦਾ ਜਾਂਦਾ ਹਰ ਸਾਲ
ਵਧਦਾ ਜਾਂਦਾ ਹਰ ਸਾਲ
ਅਮਰ ਵੇਲ ਵਾਂਗ
ਤੇ ਅਖੀਰ ਇਕ ਲਾਸ਼
ਲਟਕ ਰਹੀ ਹੈ ਕਿਸੇ ਟੁੱਟੇ ਜਿਹੇ ਮਕਾਨ ਦੇ
ਖਾਲ੍ਹੀ ਜਿਹੇ ਕਮਰੇ 'ਚ
ਜਾਂ ਪਿੰਡ ਦੀ ਸੱਥ੍ਹ 'ਚ
ਕੈਮਰੇ ਵਾਲਿਆ ਪੱਤਰਕਾਰਾ ਖਿੱਚ ਫੋਟੋ ।
ਇਕ ਓੁਹ ਸਮਾਜ ਸੇਵਕ ਵੀ ਹੈ
ਵਧੀਆ ਚਿੰਤਕ ਵੀ ਹੈ
ਲੱਚਰ ਗਾਇਕੀ ਵਾਲੀ ਕਤੀੜ ਖਿਲਾਫ
ਬਹੁਤ ਬੋਲਦਾ ਹੈ ਹਿੱਕ ਤਾਣ ਕੇ
ਪਰ ਅੱਜ ਓੁਹਨੇ ਵੀ ਟੋਹਰ ਮਾਰਨੀਂ ਹੈ
ਆਪਣੇਂ ਰਿਸ਼ਤੇਦਾਰਾਂ ਭਾਈਆਂ 'ਚ
ਇਸ ਕਤੀੜ ਨਾਲ ਜੱਫੀ ਪਾ ਕੇ
ਕੈਮਰੇ ਵਾਲਿਆ ਪੱਤਰਕਾਰਾ ਖਿੱਚ ਫੋਟੋ ।
ਕਈ ਭਾਈਚਾਰੇ ਦੇ ਨੁਮਾਇੰਦੇ ਨੇਂ
ਫਿਕਰ ਬਹੁਤ ਰਹਿੰਦਾ ਇਹਨਾਂ ਨੂੰ
ਪੰਜਾਬੀ ਦਾ, ਪੰਜਾਬੀਅਤ ਦਾ
ਸਰਕਾਰਾਂ ਖਿਲਾਫ ਬਹੁਤ ਬੋਲਦੇ ਨੇਂ
ਪਰ ਮੁੰਹ ਬੰਦ ਹੋ ਜਾਂਦਾ ਇਹਨਾਂ ਦਾ
ਜਦ ਐਨ. ਆਰ. ਆਈ ਸੰਮੇਲਨਾਂ 'ਚ
ਜਾ ਕੇ ਸਰਕਾਰਾਂ ਦੀ ਸੁੱਟੀ ਰੋਟੀ ਚਰੂੰਡਦੇ ਨੇਂ
ਸਰਕਾਰੀ ਟੁੱਕੜਾਂ ਨਾਲ ਬੰਦ ਹੋਏ ਮੁੰਹ ਦੀ
ਕੈਮਰੇ ਵਾਲਿਆ ਪੱਤਰਕਾਰਾ ਖਿੱਚ ਫੋਟੋ ।
ਲੋਕਾਂ ਦੇ ਨੁਮਾਇੰਦੇ ਨੇਂ
ਸੱਭਿਅਕ ਅਤੇ ਹਲੀਮੀਂ ਵਾਲੇ ਗੁੰਡੇ
ਸਭਾ ਵਿੱਚ ਅਲੰਕਾਰ ਵਰਤਦੇ ਨੇਂ
ਮਾਂ ਭੈਣ ਨੂੰ ਸਨਮਾਨਿਤ ਕਰਦੇ ਨੇਂ
ਇਹਨਾਂ ਸੱਭਿਅਕ ਲੀਡਰਾਂ ਦੀ
ਕੈਮਰੇ ਵਾਲਿਆ ਪੱਤਰਕਾਰਾ ਖਿੱਚ ਫੋਟੋ ।
ਝੂਠੇ ਪੁਲਸ ਮੁਕਾਬਲੇ ਨੇਂ
ਖਾਕੀ ਕੁੱਤਿਆਂ ਦੇ ਮੋਢਿਆਂ ਤੇ ਫੀਤੀਆਂ ਨੇਂ
ਕਈ ਖੁੱਲ੍ਹੇ ਫਿਰਦੇ ਬਘਿਆੜ ਨੇਂ
ਕਈ ਮਾਵਾਂ ਦੇ ਗਵਾਚੇ ਪੁੱਤ ਨੇਂ
ਜੋ ਹਾਲੇ ਵੀ ਲਾਪਤਾ ਨੇਂ
ਇਹਨਾਂ ਲਾਪਤਾ ਜਵਾਨਾਂ ਦੇ ਨਾਮ ਤੇ
ਜੋ ਫੀਤੀਆ, ਸਟਾਰ ਵੰਡੇ ਗਏ , ਓੁਹਨਾਂ ਦੀ
ਕੈਮਰੇ ਵਾਲਿਆ ਪੱਤਰਕਾਰਾ ਖਿੱਚ ਫੋਟੋ ।
ਕਈ ਧਾਰਮਿਕ ਜੱਥੇਬੰਦੀਆਂ ਨੇਂ
ਲੋਕ ਮਸਲਿਆਂ ਦਾ ਫਿਕਰ ਬਹੁਤ ਕਰਦੀਆਂ ਨੇਂ
ਪਰ ਨਹੀਂ ਬੋਲਦੀਆਂ ਮਰ ਰਹੇ
ਕਿਸਾਨਾਂ ਲਈ ਮਜ਼ਦੂਰਾਂ ਲਈ
ਫਿਰ ਪਤਾ ਨਹੀਂ ਕਿਓੁਂ
ਸੱਪ ਸੁੰਘ ਜਾਂਦਾ ਹੈ ਇਹਨਾਂ ਨੂੰ
ਇਹ ਲੋਕਾਂ ਦੇ ਮੁੰਡੇ ਮਰਵਾਓੁਂਣ ਵਾਲਿਆਂ ਦੀ
ਕੈਮਰੇ ਵਾਲਿਆ ਪੱਤਰਕਾਰਾ ਖਿੱਚ ਫੋਟੋ ।
ਇਸ ਗੱਲ ਨਾਲ ਢਿੱਡ ਦੁਖੇਗਾ
ਮੇਰੇ ਕਈ ਅਖੌਤੀ ਮਿੱਤਰਾਂ ਅਤੇ ਪ੍ਰਸ਼ੰਸਕਾਂ ਦਾ ।
ਇਹ ਦੋਹਰੇ ਮਾਪਦੰਢਾਂ ਵਾਲੇ ਲੋਕਾਂ ਦੀ
ਕੈਮਰੇ ਵਾਲਿਆ ਪੱਤਰਕਾਰਾ ਖਿੱਚ ਫੋਟੋ ।
ਇਕ ਗਰੀਬ ਦੀ ਝੁੱਗੀ ਨੂੰ ਅੱਗ ਲੱਗੀ ਹੈ
ਸਭ ਸਵਾਹ ਹੋਣ ਲਾਗੇ ਹੈ
ਲੋਕੀ ਪਾਣੀਂ ਲੈ ਆਏ ਨੇਂ
ਪਰ ਤੂੰ ਪਾਣੀਂ ਪਾਓੁਂਣ ਨਹੀਂ ਦਿੱਤਾ
ਇਸ ਫੋਟੋ ਨਾਲ ਤੂੰ ਵੀ
ਸੰਪਾਦਕ ਮੋਹਰੇ ਨੰਬਰ ਬਨਾਓੁਣੇਂ ਨੇਂ
ਨੰਬਰ ਦਾ ਤਾਂ ਪਤਾ ਨਹੀਂ
ਪਰ ਝੁੱਗੀ ਜਲ ਚੁੱਕੀ ਹੈ
ਤੇ ਅੰਦਰੋਂ ਇਕ ਲਾਸ਼ ਨਿਕਲੀ ਹੈ
ਇਸ ਲਾਸ਼ ਦੇ ਅਸਲੀ ਕਾਤਲ
ਕੈਮਰੇ ਵਾਲਿਆ ਪੱਤਰਕਾਰਾ ਖਿੱਚ ਫੋਟੋ ।
ਕਈ ਸਤਾਏ ਹੋਏ ਡਾਕਟਰ ਨੇਂ
ਸੰਘਰਸ਼ ਕਰਦੇ ਵਿਦਿਆਰਥੀ ਨੇਂ
ਵਕੀਲ ਨੇਂ ਅਧਿਆਪਕ ਨੇਂ
ਇਹ ਕਿੱਧਰੇ ਇਕੱਠੇ ਨਾ ਹੋ ਜਾਣ
ਕਿਧਰੇ ਤਖਤਾ ਨਾ ਪਲਟ ਦੇਣ ਹਕੂਮਤ ਦਾ
ਇਸ ਹੜ੍ਹ ਨੂੰ ਰੋਕਣ ਲਈ
ਸਰਕਾਰ ਦਾ ਲਾਇਆ "ਹਜਾਰੇ" ਸੇਫਟੀ ਵਾਲਵ ਹੈ
ਇਹਨਾਂ ਲੋਕਤੰਤਰੀ ਸੇਫਟੀ ਵਾਲਵਾਂ ਦੀ
ਕੈਮਰੇ ਵਾਲਿਆ ਪੱਤਰਕਾਰਾ ਖਿੱਚ ਫੋਟੋ ।
ਬਸਤਰ ਦੇ ਜੰਗਲ ਨੇਂ
ਆਪਣੇਂ ਹੱਕਾਂ ਲਈ ਮਰਦੇ ਆਦਿਵਾਸੀ ਨੇਂ
ਓੁਹਨਾਂ ਦਾ ਖੂਨ ਚੂਸਦੇ ਸਰਕਾਰੀ ਅਫਸਰ ਨੇਂ
ਸਕੂਲਾਂ 'ਚ ਬੇਪੱਤ ਹੁੰਦੀਆਂ ਬਾਲੜੀਆਂ ਨੇਂ
ਤੇ ਹਕੂਮਤ ਹੋਕਾ ਦਿੰਦੀ ਹੈ ਲੋਕਤੰਤਰ ਦਾ
ਲੋਕਾਂ ਦੇ ਤੰਤਰ ਦਾ ਤਾਂ ਪਤਾ ਨਹੀਂ
ਪਰ ਤੰਤਰ ਹੈ ਜਰੂਰ
ਵੱਡੀਆਂ ਮੱਛੀਆਂ ਦਾ ਢਿੱਡ ਭਰਨ ਵਾਲਾ
ਅਜਿਹੇ ਗਿਰੇ ਹੋਏ ਤੰਤਰ ਦੀ
ਕੈਮਰੇ ਵਾਲਿਆ ਪੱਤਰਕਾਰਾ ਖਿੱਚ ਫੋਟੋ ।
ਵਿਸ਼ਵ ਸ਼ਾਂਤੀ ਅਤੇ ਲੋਕਤੰਤਰ ਦੀ ਗੱਲ ਕਰਦਾ
ਅਮਰੀਕੀ ਲਾਣਾਂ ਅਤੇ ਲਾਮ ਲਸ਼ਕਰ
ਪਤਾ ਨਹੀਂ ਕਿਹੜਾ ਲੋਕਤੰਤਰ ਲੈ ਕੇ ਆਵੇਗਾ
ਇਰਾਕ, ਅਫਗਾਨਿਸਤਾਨ ਵਿੱਚ
ਹਜ਼ਾਰਾਂ ਦਾ ਕਤਲ ਕਰਕੇ ।
ਇਸ ਅਜੋਕੇ ਲੋਕਤੰਤਰੀ ਸਾਮਰਾਜਵਾਦ ਦੀ
ਸ਼ਾਤਿਰ ਬਸਤੀਵਾਦ ਦੀ
ਕੈਮਰੇ ਵਾਲਿਆ ਪੱਤਰਕਾਰਾ ਖਿੱਚ ਫੋਟੋ ।
ਫੋਟੋ ਖਿੱਚਦਿਆਂ ਕਦੇ ਆਪਣੇਂ ਅੰਦਰ ਝਾਤੀ ਮਾਰ
ਦੇਖ ਆਪਣੇਂ ਆਪ ਨੂੰ
ਤੇਰੇ ਅੰਦਰ ਵਾਲੇ ਅਸਲ ਇਨਸਾਨ ਨੂੰ,
ਜੇਕਰ ਦਿਖ ਜਾਵੇ ਇਹ ਇਨਸਾਨ ਤੈਨੂੰ
ਕੈਮਰੇ ਵਾਲਿਆ ਪੱਤਰਕਾਰਾ ਖਿੱਚ ਫੋਟੋ ।

"ਕਵਿਤਾ"

ਮੈਨੂੰ ਨਾ ਦੱਸੋ
ਕਿ ਕਵਿਤਾ ਕੀ ਹੁੰਦੀ ਹੈ
ਕਿਵੇਂ ਲਿਖਣੀਂ ਹੈ
ਕੀ ਲੈਅ ਹੁੰਦੀ ਹੈ
ਤੇ ਕੀ ਬੰਦਿਸ਼ ਹੁੰਦੀ ਹੈ
ਮੈਂ ਕਵਿਤਾ ਨਹੀਂ ਲਿਖਦਾ ।
ਮੈਂ ਤਾਂ ਬੱਸ ਸੁਨੇਹਾ ਦਿੰਦਾ ਹਾਂ
ਮਜ਼ਦੂਰਾਂ ਨੂੰ ਕਿਸਾਨਾਂ ਨੂੰ
ਨੀਂਦ ਚੋਂ ਜਾਗਣ ਦਾ,
ਜਿਹਨਾਂ ਦੇ ਜੇਹਨ 'ਚ ਨਹੀਂ ਘੁਸਦੇ
ਤੁਹਾਡੇ ਭਾਰੇ - ਭਾਰੇ
ਜਲੇਬੀ ਵਰਗੇ ਸਿੱਧੇ ਸ਼ਬਦ ।
ਮੇਰਾ ਲਿਖਣਾਂ ਤਾਂ
ਸਿੱਧਾ ਹੁੰਦਾ ਹੈ
ਸਿਆੜ, ਵੱਟਾਂ, ਬੰਨਿਆਂ ਵਰਗਾ ।
ਤੁਸੀਂ ਕਿਸ ਕਵਿਤਾ ਦੀ ਗੱਲ ਕਰਦੇ ਹੋ ?
ਜੋ ਓੁਸ ਨਜਰ ਦੀ ਪੈਰਵਾਈ ਕਰਦੀ ਹੈ
ਜੋ ਕੁੜੀ ਦੇ ਜਿਸਮ ਦੇ
ਆਰ - ਪਾਰ ਹੋ ਜਾਂਦੀ ਹੈ,
ਜਾਂ ਓੁਸ ਕਵਿਤਾ ਦੀ
ਜੋ ਹਰ ਲੋਕ ਮਸਲੇ ਤੇ
ਚੁੱਪ ਹੋ ਜਾਂਦੀ ਹੈ ।
ਮੈਂ ਕੋਈ ਕਵੀ ਨਹੀਂ
ਜੋ ਭੂਤਰੇ ਆਸ਼ਿਕਾਂ ਦੀ ਗੱਲ ਕਰੇ
ਮਿਰਜਿਆਂ ਦੀ ਬਦਮਾਸ਼ੀ ਦੇ ਹੱਕ 'ਚ ਬੋਲੇ
ਵਜੀਰਾਂ ਦੇ ਹੱਕ 'ਚ ਕਸੀਦੇ ਕੱਢੇ
ਜਾਂ ਦਾਰੂ ਪੀ ਕੇ
ਵਿਛੜੀ ਮਾਸ਼ੂਕ ਦਾ ਪਿੱਟ ਸਿਆਪਾ ਕਰੇ ।
ਮੈਂ ਜਿਹਨਾਂ ਦੀ ਗੱਲ੍ਹ ਕਰਦਾ ਹਾਂ
ਓੁਹਨਾਂ ਦੇ ਖੂਹ ਤੇ ਰੱਬ ਨਹੀਂ ਵੱਸਦਾ
ਰੱਬ ਤਾਂ ਹੁਣ ਸਬਮਰਸੀਬਲ ਵਾਲੇ
ਜੱਥੇਦਾਰਾਂ ਅਤੇ ਜੈਲਦਾਰਾਂ ਨੇਂ
ਬੈਅ ਕਰਾ ਲਿਆ ਹੈ ।
ਤੁਸੀਂ ਕਿਸ ਕਵਿਤਾ ਦੀ ਗੱਲ ਕਰਦੇ ਹੋ
ਜੋ ਸਿਰਫ ਪਾੜ੍ਹਿਆਂ ਦੇ ਖਾਨੇਂ ਪੈਂਦੀ ਹੈ
ਅਤੇ ਮੇਰੇ ਪਿੰਡ ਵਾਲੇ ਬਖਸ਼ੇ ਦੇ
ਸਿਰ ਓੁੱਪਰੋਂ ਹੀ ਲੰਘ ਜਾਂਦੀ ਹੈ ।
ਜਾਂ ਫਿਰ ਓੁਸ ਕਵਿਤਾ ਦੀ ਗੱਲ ਕਰਦੇ ਹੋ
ਜਿਸ ਦੀਆਂ ਕੁੱਝ ਸਤਰਾਂ
ਸ਼ਿੰਗਾਰ ਬਣਦੀਆਂ ਨੇ
ਕਿਸੇ ਦੇ ਪ੍ਰੇਮ ਪੱਤਰ ਦਾ ।
ਮੇਰੀ ਕਲਮ ਤਾਂ ਕਿਸੇ ਕਿਸਾਨ ਦੇ
ਸੂਸਾਈਡ ਨੋਟ ਬਾਰੇ ਗੱਲ ਕਰਦੀ ਹੈ
ਕਿ ਕਿਓੁਂ ਹੋਇਆ
ਕੌਣ ਜੁੰਮੇਵਾਰ ਹੈ ?
ਤੁਸੀਂ ਕਿਸ ਕਵਿਤਾ ਦੀ ਗੱਲ ਕਰਦੇ ਹੋ
ਜੋ ਨਦੀਆਂ, ਝਰਨਿਆਂ, ਪਹਾੜੀਆਂ ਤੇ
ਫੁੱਲਾਂ ਪੱਤੀਆਂ ਦੀਆਂ ਸਿਫਤਾਂ ਕਰਦੀ ਹੈ
ਮੈਂ ਤਾਂ ਓੁਹਨਾਂ ਖਾਲੀ ਪਏ
ਖੇਤਾਂ ਦੀ ਗੱਲ੍ਹ ਕਰਨੀਂ ਹੈ
ਜੋ ਹਕੂਮਤ ਨੇ ਐਕਵਾਇਰ ਕਰ ਲਏ ਨੇਂ
ਜਿੱਥੇ ਹੁਣ ਦਾਰੂ ਦੀ ਫੈਕਟਰੀ ਲੱਗਣੀਂ ਹੈ
ਜਿੱਥੋਂ ਹੁਣ ਇਕ ਲਿਸ਼ਕਦੀ
ਸੜ੍ਹਕ ਨਿਕਲਣੀਂ ਹੈ
ਜੋ ਕਈਆਂ ਕਿਸਾਨਾਂ ਦਾ ਕਤਲ ਕਰੇਗੀ ।
ਤੁਸੀਂ ਕਿਸ ਕਵਿਤਾ ਦੀ ਗੱਲ੍ਹ ਕਰਦੇ ਹੋ
ਜੋ ਵਿਦਿਆਰਥੀਆਂ ਨੂੰ ਆਸ਼ਿਕ ਬਣਾਓੁਂਦੀ ਹੈ
ਕਿਸੇ ਸੁਨੱਖੀ ਮੁਟਿਆਰ ਦਾ
ਮੈਂ ਤਾਂ ਓੁਹਨਾਂ ਵਿਦਿਆਰਥੀਆਂ ਦੀ ਗੱਲ੍ਹ ਕਰਨੀਂ ਹੈ
ਜਿਹਨਾਂ ਕੋਲ ਫੀਸਾਂ ਨਹੀਂ ਹਨ
ਜਿਹਨਾਂ ਦੇ ਬੱਸ ਪਾਸ ਖੋਹੇ ਜਾ ਰਹੇ ਨੇਂ
ਵਿੱਦਿਆ ਦਾ ਧੰਦਾ ਕਰਨ ਵਾਲਿਆਂ ਨੂੰ ਖੁਸ਼ ਕਰਨ ਲਈ
ਤਾਂ ਕਿ ਹੁਣ ਗਰੀਬ ਮਾਤ੍ਹੜ ਪੜ੍ਹ ਨਾ ਜਾਵੇ ।
ਮੈਂ ਤਾਂ ਓੁਹਨਾਂ ਦੀ ਗੱਲ ਕਰਨੀਂ ਹੈ
ਜਿਹਨਾਂ ਦਾ ਹੱਕ ਮਰਿਆ ਹੈ
ਜਿਹਨਾਂ ਨਾਲ ਧੱਕ੍ਹਾ ਹੋਇਆ ਹੈ
ਤੇ ਜੇ ਇਹਨਾਂ ਲੋਕਾਂ ਲਈ ਲਿਖਣਾਂ
ਕਵਿਤਾ ਨਹੀਂ ਹੁੰਦੀ ਤਾਂ
ਮੈਨੂੰ ਨਾ ਦੱਸੋ
ਕਿ ਕਵਿਤਾ ਕੀ ਹੁੰਦੀ ਹੈ
ਕਿਵੇਂ ਲਿਖਣੀਂ ਹੈ
ਕੀ ਲੈਅ ਹੁੰਦੀ ਹੈ
ਤੇ ਕੀ ਬੰਦਿਸ਼ ਹੁੰਦੀ ਹੈ
ਮੈਂ ਕਵਿਤਾ ਨਹੀਂ ਲਿਖਦਾ ।

ਮਨਦੀਪ ਸੁੱਜੋਂ

Saturday 29 June 2013

"ਮੈਂ ਨਰਾਜ਼ ਕਿਓੁਂ ਏਂ"

ਸੁਣਿਆ ਮੇਰਾ ਯਾਰ ਲਿਖਾਰੀ ਬਣ ਗਿਆ
ਖੁਸੀ ਹੋਈ, ਪਰ
ਇਕਦਮ ਮੈਂ ਡਰ ਗਿਆ ।

ਵਿੱਚ ਲਿਖਤਾਂ ਕਹਿੰਦਾ
ਬਦਲ ਦਿਓੁਂ ਸਮਾਜ ਮੈਂ, ਹੂੰਝਾ ਦਿਓੁਂ ਫੇਰ ।
ਭਰੂਣ - ਹੱਤਿਆ, ਦਾਜ ਲਾਹਨਤਾਂ ਨੂੰ
ਇਕ ਵਾਰੀ ਕਰ ਦਿਓੁਂ ਢੇਰ ।
ਜਾਤ - ਪਾਤ ਵੀ ਮੁਕਾ ਦਿਓੁਂ
ਖਤਮ ਕਰ ਦਿਓੁਂ ਤੇਰ - ਮੇਰ ।

ਇਹ ਤਾਂ ਓੁਹੀ ਹੋਈ ਬਈ
ਹਾਥੀ ਦੰਦ ਖਾਣ ਨੂੰ ਹੋਰ. ਦਿਖਾਓੁਣ ਨੂੰ ਹੋਰ ।
ਸ਼ਾਬਾਸ਼ੇ ਤੇਰੇ ਲਿਖਾਰੀਆ
ਤੇਰੀ ਬੁੱਕਲ ਦੇ ਵਿੱਚ ਚੋਰ ।

ਤੇਰੀ ਬੁੱਕਲ ਵਾਲਾ ਚੋਰ,
ਦੇਖ ਕੱਢਦਾ ਅੱਜ ਮੈਂ ਬਾਹਰ ਇਹਨੂੰ ।
ਮੇਰੇ ਤੋਂ ਕਤਲ ਨਾ ਹੋ ਜਾਵੇ,
ਤੂੰ ਖੁਦ ਹੀ ਦੇ ਮਾਰ ਇਹਨੂੰ ।
ਰਹਿਣ ਦੇ ਮਿੰਨਤ ਹੈ ਮੇਰੀ
ਪਾਵੀਂ ਨਾ ਗਲ ਹਾਰ ਇਹਨੂੰ ।
ਤੇਰੀ ਬੁੱਕਲ
ਜੇ ਬਚੀ ਤਾਂ ਬਚੀ,
ਕਰਨਾਂ ਮੈਂ ਤਾਰ ਤਾਰ ਇਹਨੂੰ ।
ਦੋਗਲਾਪਨ ਤੁਹਾਡਾ ਜੋ,
ਬੱਸ ਕਰਨਾ ਅੱਜ ਮੈਂ ਜਾਹਰ ਇਹਨੂੰ ।

ਕਿਓੁਂ ਕਿ ਕੁੜੀਆਂ ਦੇ ਹੱਕਾਂ ਲਈ
ਛਾਤੀ ਚੌੜੀ ਕਰ ਤਣ ਗਿਆ ਤੂੰ ।
ਬੱਲੇ ਓੁਏ ਯਾਰਾ
ਅਣਜੰਮੀਂ ਮਾਰ ਲਿਖਾਰੀ ਬਣ ਗਿਆ ਤੂੰ ।

ਤੈਨੂੰ, ਤੇਰੇ ਹਮਾਇਤੀਆਂ ਨੂੰ,
ਦੁੱਖ ਹੋਇਆ ਜਾਂ ਨਾ ਹੋਇਆ ।
ਪਰ ਤੇਰ ਇਸ ਕਾਰੇ ਦੇ ਦਿਨ,
ਮੈਂ ਅੰਦਰ ਵੜ੍ਹ-ਵੜ੍ਹ ਰੋਇਆ ।
ਤੇਰਾ ਕੁੱਝ ਘਟਿਆ ਜਾਂ ਨਾ
ਲੱਗਾ, ਮੇਰਾ ਕਿਸੇ ਜਰੂਰ ਕੁੱਝ ਖੋਹਿਆ ।

ਤੂੰ ਅਕਸਰ ਪੁੱਛਿਆ ਮੈਥੋਂ
ਮੈਂ ਨਰਾਜ਼ ਕਿਓੁਣ ਏਂ ?
ਇਹ ਲੈ ਅੱਜ ਦੱਸ ਦਿੱਤਾ
ਤੇਰੇ ਨਾਲ ਸ਼ਿਕਵਾ ਕਿਓੁਂ ਏਂ ।
ਲਿਖਤਾਂ ਲਿਖ ਲੈ
ਹੋਕਾ ਦੇ ਲੈ,
ਤੇਰਾ ਅੰਦਰ ਜਿਓੁਂ ਦਾ ਤਿਓੁਂ ਏਂ ।
ਆਹ ਲੈ ਅੱਜ ਮੈਂ ਦੱਸਦਾਂ ਤੈਨੂੰ
ਕਿ ਮੈਂ ਨਰਾਜ਼ ਕਿਓੁਂ ਏਂ ।

ਤੂੰ ਕੀ ਤੇ ਅੰਦਰ ਕੀ,
ਗੱਲ ਸਾਫ ਕਰੀਂ ਵੇ ਦੋਸਤਾ ।
ਮੇਰੇ ਮੁੰਹ ਫੱਟ ਹੋਣ ਲਈ,
ਮੈਨੂੰ ਮਾਫ ਕਰੀਂ ਵੇ ਦੋਸਤਾ ।
ਲੋੜ ਨਹੀਂ ਤੇਰੀ ਕਲਮ ਦੀ,
ਇਹ ਅਹਿਸਾਨ ਕਰੀਂ ਵੇ ਦੋਸਤਾ ।


ਮਨਦੀਪ ਸੁੱਜੋਂ

Monday 24 June 2013

"ਸਰਸਾ" ਜਾਂ "ਸਿਕੰਦਰ" ਵਿਚਾਰਾਂ ਦੀ ਲੜ੍ਹਾਈ - ਤੁਸੀਂ ਕਿੱਧਰ ਖੜ੍ਹੇ ਹੋ ?


ਅਸਟ੍ਰੇਲੀਆਂ ਰਹਿੰਦੇ ਜਤਿੰਦਰ ਮੌਹਰ ਦੁਆਰਾ ਨਿਰਦੇਸ਼ਿਤ ਫਿਲਮ "ਮਿੱਟੀ" ਦੇਖੀ ਤਦ ਦਿਲ ਨੂੰ ਤਸੱਲੀ ਹੋਈ ਕਿ ਹੁਣ ਕੋਈ ਤਾਂ ਓੁੱਠਿਆ ਜੋ ਪੰਜਾਬ ਦੇ ਮਸਲਿਆਂ ਨੂੰ ਧਿਆਨ ਵਿੱਚ ਰੱਖਦਿਆਂ ਫਿਲਸਾਜ਼ੀ ਕਰੇਗਾ"ਮਿੱਟੀ" ਨੂੰ ਦੇਖ ਕੇ ਇੰਝ ਲੱਗਦਾ ਹੈ ਕਿ ਕੁਰਾਹੇ ਪਈ ਨੌਜਵਾਨੀਂ ਨੂੰ ਮੁੜ ਆਪਣੇਂ ਅਸਲੀ ਰਸਤਿਆਂ 'ਤੇ ਚੱਲਦਿਆਂ ਸਕਾਰਾਤਮਕ ਮੰਜਿਲਾਂ ਵੱਲ ਵਧਣ ਲਈ ਹੱਲਾਸ਼ੇਰੀ ਅਤੇ ਦਿਸ਼ਾ ਦਿਖਾਓੁਣ ਦੀ ਜਿੰਮੇਵਾਰੀ ਜਤਿੰਦਰ ਨੇ ਬਾ-ਖੂਬੀ ਨਿਭਾਈ ਹੈਪੰਜਾਬ ਦੀ ਨੌਜਵਾਨੀ ਨਾਲ ਜੁੜੀਆਂ ਗੰਭੀਰ ਸਮੱਸਿਆਵਾਂ ਅਤੇ ਨੌਜਵਾਨੀਂ ਦੇ ਵਧੀਆ ਭਵਿੱਖ ਦੇ ਰਾਹ ਵਿੱਚਲੀਆਂ ਮੌਜੂਦਾ ਦਰਪੇਸ਼ ਚੁਣੋਤੀਆਂ ਨੂੰ ਜਤਿੰਦਰ ਚੰਗੀ ਤਰ੍ਹਾ ਸਮਝਦਾ ਹੈ ਅਤੇ ਇਹ ਵੀ ਜਾਣਦਾ ਹੈ ਕਿ ਨੋਜਵਾਨੀਂ ਨੂੰ ਸਹੀ ਦਿਸ਼ਾ ' ਲਗਾਓੁਣ ਲਈ ਫਿਲਮਸਾਜੀ ਕਿਵੇਂ ਅਹਿਮ ਭੂਮਿਕਾ ਨਿਭਾ ਸਕਦੀ ਹੈ

"ਮਿੱਟੀ" ਤੋਂ ਪਹਿਲਾਂ ਅਤੇ ਬਾਅਦ ਵੀ ਬਹੁਤ ਪੰਜਾਬੀ ਫਿਲਮਾਂ ਆਈਆਂ ਪਰ ਲੋਕ ਮਸਲਿਆਂ ਦੀ ਗੱਲ ਕਰਦੀ ਫਿਲਮ ਨਾਂ ਤਾਂ ਕਿਸੇ ਬਣਾਈ ਅਤੇ ਨਾਂ ਹੀ ਕਿਸੇ ਨੇ ਇਸ ਬਾਰੇ ਸੋਚਿਆ ਜਦਕਿ ਥਿਏਟਰ ਅਤੇ ਫਿਲਮਾਂ ਲੋਕ ਮਸਲਿਆਂ ਪ੍ਰਤੀ ਲੋਕਾਂ ਨੂੰ ਜਾਣੂਂ ਕਰਵਾਓੁਣ, ਓੁਹਨਾਂ ਲਈ ਕਿਵੇਂ ਲੜ੍ਹਨਾਂ ਹੈ ਵਰਗੇ ਸਵਾਲਾਂ ਦੇ ਜਵਾਬ ਲੋਕਾਂ ਤੱਕ ਪਹੁੰਚਾਓੁਣ ਦੀ ਵਜਾਏ ਪੰਜਾਬੀ ਫਿਲਮਸਾਜ਼ "ਛਣਕਾਟੇ" ਦੀ ਤਰਜ਼ ਤੇ ਹੀ ਫਿਲਮਾਂ ਬਣਾਓੁਂਦੇ ਰਹੇ ਨੇ ਕਿਓੁਂ ਕਿ ਓੁਹਨਾਂ ਦਾ ਮਕਸਦ ਤਾਂ ਸਰਮਾਏਦਾਰੀ ਦੇ ਦਿਸ਼ਾ - ਨਿਰਦੇਸ਼ਾਂ ਤੇ ਚੱਲਦਿਆਂ ਨੌਜਵਾਨ ਪੀੜ੍ਹੀ ਨੂੰ ਕੁਰਾਹੇ ਪਾ ਕੇ ਆਪਣੀਆਂ ਜੇਬਾਂ ਭਰਨ ਤੱਕ ਮਹਿਦੂਦ ਹੁੰਦਾ ਹੈ

ਅਜਿਹੇ ਫਿਲਮਸਾਜ਼ਾਂ ਦੇ ਹਜੂਮ ਵਿੱਚੋਂ ਫਿਰ ਦੋ ਵਿਅਕਤੀ ਵੱਖਰੇ ਹੀ ਨਜ਼ਰ ਆਓੁਂਦੇ ਹਨਇਸ ਵਾਰ ਫਿਰ "ਮਿੱਟੀ ਦਾ ਨਿਰਦੇਸ਼ਕ ਜਤਿੰਦਰ ਮੌਹਾਰ ਹੀ ਸੀ ਜਿਸਨੇ ਇਕ ਵੱਖਰੀ ਅਤੇ ਓੁਸਾਰੂ ਸੋਚ ਵਾਲੀ ਫਿਲਮ ਬਨਾਓੁਣ ਦੀ ਸੋਚੀ ਪਰ ਇਸ ਵਾਰ ਓੁਹ ਇਕੱਲਾ - ਇਕਹਿਰਾ ਨਹੀਂ ਸੀ ਸਗੌਂ ਹੁਣ ਅਜਿਹੀ ਸੋਚ ਵਾਲੇ ਇਕ ਤੋਂ ਦੋ ਹੋ ਗਏ ਸਨਇਸ ਵਾਰ ਓੁਸ ਨਾਲ ਦਲਜੀਤ ਅਮੀਂ ਵੀ ਆਣ ਖੜਿਆ ਸੀਦਲਜੀਤ ਅਮੀਂ ਕਿਸੇ ਜਾਣਕਾਰੀ ਦਾ ਮੋਹਥਾਜ ਨਹੀਂ ਹੈਓੁਸ ਦੀ ਓੁਸਾਰੂ ਅਤੇ ਨਿਰਪੱਖ ਲਿਖਣੀ ਨੇ ਦਲਜੀਤ ਦਾ ਨਾਮ ਪੂਰੀ ਦੁਨੀਆਂ ' ਰਹਿੰਦੇ ਪੰਜਾਬੀਆਂ ਤੱਕ ਪਹੁੰਚਾਇਆ ਹੈਇਸ ਤੋਂ ਇਲਾਵਾ ਦਲਜੀਤ ਕਈ ਸੰਵੇਦਨਸ਼ੀਲ ਸਮਾਜਿਕ ਮਸਲਿਆਂ ਤੇ ਡੋਕੂਮੈਂਟਰੀ ਬਣਾ ਚੁੱਕਾ ਹੈ

ਦਲਜੀਤ ਅਤੇ ਜਤਿੰਦਰ ਦੋਹਨਾਂ ਨੇ ਮਿਲ ਕੇ "ਸਰਸਾ" ਦੀ ਕਹਾਣੀਂ ਲਿਖੀ ਅਤੇ ਇਸ ਦੇ ਕਿਰਦਾਰਾਂ ਨੂੰ ਅਜੋਕੇ ਨੌਜਵਾਨਾਂ ਦੀਆਂ ਸਮੱਸਿਆਵਾਂ ਨਾਲ ਜੋੜ ਕੇ ਲਿਖਿਆਫਿਲਮ ਦੇ ਕਿਰਦਾਰ ਬੇਅੰਤ, ਸ਼ਮੀਰ ਅਤੇ ਹਸਨ ਨੌਜਵਾਨ ਵਰਗ ਅਤੇ ਵਿਦਿਆਰਥੀ ਵਰਗ ਦੀਆਂ ਸਮੱਸਿਆਵਾਂ ਨੂੰ ਸਕਾਰਾਤਮਕ ਢੰਗ ਨਾਲ ਨਜਿੱਠਣ ਲਈ ਦ੍ਰਿੜ ਹਨਓੁਹਨਾਂ ਦੇ ਵਿਚਾਰ ਨੌਜਵਾਨੀਂ ਦੇ ਵਧੀਆ ਭਵਿੱਖ ਦੀ ਤਰਜ਼ਮਾਨੀਂ ਕਰਦੇ ਹਨ ਜਦਕਿ ਦੂਸਰੇ ਪਾਸੇ ਸਿਕੰਦਰ, ਹਰਜੰਗ ਅਤੇ ਕੀਰਤ ਵਰਗੇ ਕਿਰਦਾਰ ਸੱਤ੍ਹਾ ਦੇ ਭੁੱਖੇ ਹਨ ਜੋ ਸੱਤ੍ਹਾ ਹਥਿਆਓੁਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨਸੱਤ੍ਹਾ ਹਥਿਆਓੁਣ ਲਈ ਇਹ ਕਤਲ ਵੀ ਕਰ ਸਕਦੇ ਹਨ ਅਤੇ ਬਲਾਤਕਾਰ ਵੀ ਕਰ ਸਕਦੇ ਹਨਇਹਨਾਂ ਦੇ ਜੇਹਨ ਵਿੱਚ ਸਿਰਫ ਅਤੇ ਸਿਰਫ ਸੱਤ੍ਹਾ ਹੈ

ਸੱਤ੍ਹਾ ਨੂੰ ਹਥਿਆਓੁਣ ਲਈ ਔਰਤ ਦੇ ਸਨਮਾਨ ਨੂੰ ਠੇਸ ਪਹੁੰਚਾ ਸਕਦੇ ਹਨ ਅਤੇ ਓੁਸ ਦੀ ਇੱਜ਼ਤ ਤਾਰ ਤਾਰ ਕਰ ਸਕਦੇ ਹਨਸਿਕੰਦਰ ਵਰਗੇ ਕਿਰਦਾਰ ਹੀ ਨਿਸ਼ਾਨ ਬਣਕੇ ਸ਼ਰੁਤੀ ਅਗਵਾਹ ਕਾਂਢ ਵਰਗੇ ਕਾਰਿਆਂ ਨੂੰ ਅੰਜਾਮ ਦਿੰਦੇ ਹਨਸੱਤ੍ਹਾ ਅਤੇ ਹਵਸ ਦੇ ਅੰਨ੍ਹੇ ਇਹ ਕਿਰਦਾਰ ਹੀ ਰਾਜਧਾਨੀਂ ਦੇ ਬਲਾਤਕਾਰਾਂ ਅਤੇ ਕਤਲਾਂ ਦੇ ਕਰਤਾ ਧਰਤਾ ਹਨਹੁਕਮਰਾਨ ਆਪਣੇਂ ਮਨਸੂਬਿਆਂ ਦੀ ਪੂਰਤੀ ਲਈ ਸਿਕੰਦਰ ਅਤੇ ਕੀਰਤ ਜਾਂ ਕਹਿ ਲਓ ਨਿਸ਼ਾਨ ਵਰਗੇ ਕਿਰਦਾਦਰਾਂ ਦਾ ਇਸਤੇਮਾਲ ਕਰਦੇ ਹਨਦੂਜੇ ਪਾਸੇ ਸ਼ਮੀਰ ਇਹਨਾਂ ਗੱਲ੍ਹਾਂ ਦੇ ਗੰਭੀਰ ਸਿੱਟਿਆਂ ਪ੍ਰਤੀ ਚਿੰਤਤ ਕਿਰਦਾਰ ਹੈਓੁਹ ਪੰਜਾਬੀ ਗਾਇਕਾਂ ਅਤੇ ਸਾਹਿਤ ਦੇ ਨਾਮ ਤੇ ਗੀਤਾਂ ਵਿੱਚ ਛੁਪੀਆਂ ਔਰਤ ਖਿਲਾਫ ਗਹਿਰੀਆਂ ਸਾਜਿਸ਼ਾਂ ਨੂੰ ਭਾਂਪਦਾ ਹੈ ਅਤੇ ਬੇਅੰਤ ਨੂੰ ਹੱਲਾਸ਼ੇਰੀ ਦਿੰਦਾ ਹੋਇਆ ਮੌਜੂਦਾ ਸਮੇਂ ਦੇ ਨੌਜਵਾਨ ਦੀਆਂ ਜਿੰਮੇਵਾਰੀਆਂ ਦਾ ਅਹਿਸਾਸ ਕਰਵਾਓੁਂਦਾ ਹੈ

ਫਿਲਮ ਦੇ ਇਹ ਕਿਰਦਾਰ ਕਈ ਸਵਾਲ ਖੜ੍ਹੇ ਕਰਦੇ ਹਨਜਿਵੇਂ ਕਿ, ਕੀ ਤੁਸੀਂ ਨੌਜਵਾਨਾਂ ਦਾ ਭਵਿੱਖ ਸਿਕੰਦਰ, ਕੀਰਤ ਅਤੇ ਹਰਜੰਗ ਵਰਗੇ ਗੁੰਡਿਆਂ ਦੇ ਹੱਥ ਵਿੱਚ ਦੇਖਣਾਂ ਚਾਹੁੰਦੇ ਹੋ ਜਾਂ ਸ਼ਮੀਰ ਵਰਗੇ ਚਿੰਤਕ ਅਤੇ ਸਮਾਜ ਦੇ ਓੁਸਾਰੂ ਭਵਿੱਖ ਲਈ ਦ੍ਰਿੜ ਨੌਜਵਾਨ ਦੇ ਹੱਥ ਵਿੱਚ ? ਜਤਿੰਦਰ ਦੁਆਰਾ ਲਿਖੀ ਫਿਲਮ "ਸਰਸਾ" ਦਰਸ਼ਕਾਂ ਨਾਲ ਇਹੋ ਸੰਵਾਦ ਹੀ ਕਰਦੀ ਸੀ ਅਤੇ ਸਵਾਲ ਵੀ ਕਰਦੀ ਕਿ ਤੁਸੀਂ ਕਿੱਧਰ ਖੜਨ੍ਹਾ ਹੈ ? ਇਹਨਾਂ ਸਵਾਲਾਂ ਦੇ ਨਾਲ ਨਾਲ ਫਿਲਮ ਜਵਾਬ ਵੀ ਦਿੰਦੀ ਸੀ ਕਿ ਚੰਗੇ ਵਿਚਾਰ ਅਤੇ ਅਸੂਲਾਂ ਤੇ ਖੜ੍ਹੇ ਹੀ ਰਹਿਣਾਂ ਮੁਸ਼ਕਿਲ ਹੁੰਦਾ ਹੈਜੇਕਰ ਤੁਸੀਂ ਆਪਣੇਂ ਆਲੇ ਦਿਆਲੇ ਦੇ ਸਿਕੰਦਰਾਂ ਅਤੇ ਹਰਜੰਗਾਂ ਵਰਗੇ ਗੁੰਡਿਆਂ ਨੂੰ ਹਰਾਓੁਂਦੇ ਹੋਏ ਅਸੂਲਾਂ ਅਤੇ ਵਿਚਾਰਾਂ 'ਤੇ ਦ੍ਰਿੜ ਰਹਿ ਕੇ ਸਮਾਜ ਨੂੰ ਚੰਗੀ ਸੇਧ ਦੇਣ ਲਈ ਯਤਨਸ਼ੀਲ ਰਹਿੰਦੇ ਹੋ ਤਾਂ ਸਮਝੋ ਕਿ ਤੁਸੀਂ "ਸਰਸਾ" ਪਾਰ ਕਰ ਲਈ ਹੈ

ਦਲਜੀਤ ਅਮੀਂ ਅਤੇ ਜਤਿੰਦਰ ਦਾ "ਸਰਸਾ" ਤੋਂ "ਸਿਕੰਦਰ" ਬਣੀਂ ਫਿਲਮ ਤੋਂ ਨਾਤਾ ਤੋੜਨਾਂ ਵੀ ਇਕ ਸਰਸਾ ਪਾਰ ਕਰਨਾ ਹੀ ਹੈ"ਸਰਸਾ" ਜੋ ਸਮਾਜ ਪ੍ਰਤੀ ਸਕਾਰਾਤਮਕ ਸੋਚ ਦੀ ਪੈਰਵਾਈ ਕਰਦੀ ਸੀ, ਨੂੰ ਗੋਰਵ ਤ੍ਰੇਹਣ ਐਂਡ ਕੰਪਨੀਂ ਨੇ ਸਮਾਜ ਦੀ ਫਿਕਰ ਨਾ ਕਰਦਿਆਂ ਆਪਨੇਂ ਨਿੱਜੀ ਹਿੱਤਾਂ ਦੀ ਪੂਰਤੀ ਲਈ ਕਹਾਣੀਂ ਨੂੰ ਤੋੜ-ਮਰੋੜ ਕੇ "ਸਿਕੰਦਰ" ਵਰਗੇ ਗੁੰਡਿਆਂ ਦੀ ਰਹਿਨੁਮਾਈਂ ਕਰਦੀ ਫਿਲਮ ਬਣਾ ਦਿੱਤਾਹੁਣ ਇਹ ਪੂਰੀ ਪ੍ਰਸਥਿਤੀ ਦਲਜੀਤ ਅਮੀਂ ਅਤੇ ਜਤਿੰਦਰ ਦੇ ਰਾਹ ਵਿੱਚ "ਸਰਸਾ" ਬਣ ਜਾਂਦੀ ਹੈ ਕਿਓੁਂ ਕਿ ਓੁਹ ਤਾਂ ਬੇਅੰਤ ਅਤੇ ਸ਼ਮੀਰ ਦੀ ਸੋਚ ਦੇ ਹਾਣੀਂ ਹਨ ਨਾਂ ਕਿ ਸਿਕੰਦਰ ਵਰਗੇ ਗੁੰਡਿਆਂ ਅਤੇ ਗੋਰਵ ਤਰੇਹਣ ਵਰਗੇ ਗੁੰਡਾ ਸਮਰਥਕਾਂ ਦੀ ਸੋਚ ਦੇਜਤਿੰਦਰ ਅਤੇ ਦਲਜੀਤ ਨੇ ਜਦ ਦੇਖਿਆਂ ਕਿ ਸਮਾਜ ਨੂੰ ਸਹੀ ਸੰਦੇਸ਼ ਦਿੰਦੀ ਫਿਲਮ ਨੂੰ ਤੋੜ ਮਰੋੜ ਕੇ ਗੁੰਡਿਆਂ ਦੀ ਬੋਲੀ ਬੋਲਦੀ ਫਿਲਮ ਬਣਾ ਦਿੱਤਾ ਗਿਆ ਹੈ ਤਾਂ ਓੁਹਨਾ ਨੇ ਆਪਨੇਂ ਵਿਚਾਰਾਂ ਤੇ ਸਥਿਰ ਰਹਿੰਦਿਆਂ ਅਤੇ ਸਮਾਜ ਦੀ ਚਿੰਤਾ ਕਰਦਿਆਂ "ਸਿਕੰਦਰ" ਫਿਲਮ ਨਾਲ ਕੋਈ ਵੀ ਨਾਤਾ ਨਾ ਹੋਣ ਦਾ ਏਲਾਨ ਕਰ ਦਿੱਤਾ ਪਰ ਪਤਾ ਨਹੀਂ ਕਿਓੁਂ ਇਹ ਏਲਾਨ ਕੁੱਝ ਪੀਲੇ ਪੱਤਰਕਾਰਾਂ ਦੇ ਕੰਨ੍ਹੀਂ ਨਹੀਂ ਪਿਆ

ਜੇਕਰ ਦਲਜੀਤ ਅਤੇ ਜਤਿੰਦਰ ਦੀ ਜਗ੍ਹਾ ਇਹਨਾਂ ਪੱਤਰਕਾਰਾਂ ਵਿੱਚੋਂ ਕੋਈ ਹੁੰਦਾ ਤਾਂ ਸਿਕੰਦਰ ਵਰਗੇ ਗੁੰਡੇ ਦੀ ਪ੍ਰਤੀਨਿਧਤਾ ਕਰਦੀ ਫਿਲਮ ਨਾਲ ਜੁੜ੍ਹਿਆ ਰਹਿ ਕੇ ਨਾਮ, ਪੈਸਾ, ਸ਼ੌਹਰਤ ਸਭ ਕੁੱਝ ਕਮਾ ਸਕਦਾ ਸੀ ਪਰ ਨਹੀਂ ਦੋਵਾਂ ਨੇ ਅਸੂਲਾਂ ਅਤੇ ਵਿਚਾਰਾਂ ਨੂੰ ਅਹਿਮੀਅਤ ਦਿੱਤੀ ਅਤੇ ਸ਼ੌਹਰਤ ਨੂੰ ਠੋਕਰ ਮਾਰੀਜਦ ਕਿ ਗੋਰਵ ਤਰੇਹਣ ਦੇ ਹਮਾਇਤੀ ਪੱਤਰਕਾਰਾਂ ਨੇ ਸਿਕੰਦਰ ਵਰਗੇ ਗੁੰਡਾ ਅਨਸਰਾਂ ਦੀ ਸੋਚ ਦਾ ਖੁੱਲ੍ਹ ਕੇ ਪ੍ਰਚਾਰ ਕੀਤਾਇਸ ਪ੍ਰਚਾਰਕ ਢਾਹਣੀਂ ਅੱਗੇ ਵੀ ਸਵਾਲ ਖੜ੍ਹਾ ਹੁੰਦਾ ਹੈ ਕਿ ਕੀ ਓੁਹਨਾਂ ਦਾ ਜ਼ਮੀਰ ਸਿਕੰਦਰ ਅਤੇ ਨਿਸ਼ਾਨ ਵਰਗੇ ਗੁੰਡਿਆਂ ਦੀ ਹਮਾਇਤ ਕਰਨ ਦੀ ਇਜਾਜ਼ਤ ਦਿੰਦਾ ਹੈ ? ਇਹ ਸਵਾਲ ਤੁਹਾਨੁੰ ਸਾਰਿਆਂ ਵੀਰਾਂ ਭੈਣਾਂ ਨੂੰ ਵੀ ਹੈ ਕਿ ਕੀ ਤੁਸੀਂ ਵੀ ਕਾਤਲ, ਹਵਸ ਦੀ ਭੁੱਖੀ ਅਤੇ ਸੱਤ੍ਹਾ ਦੇ ਨਸ਼ੇ ' ਚੂਰ ਸੋਚ ਦੀ ਹਮਾਇਤ ਕਰੋਗੇ ? ਇਹਨਾਂ ਗੁੰਡਿਆਂ ਸਿਕੰਦਰਾਂ ਅਤੇ ਹਰਜੰਗਾਂ ਦਾ ਇਕ ਵਾਰ ਆਪਣੇਂ ਘਰ ਵੜ੍ਹ ਜਾਣ ਦਾ ਖਿਆਲ ਦਿਮਾਗ ' ਲਿਆਓ ਤਾਂ ਸ਼ੀਸ਼ਾ ਤੁਹਾਡੇ ਸਾਹਮਣੇਂ ਹੋਵੇਗਾ ਪਰ ਗੋਰਵ ਤਰੇਹਣ ਵਰਗਿਆਂ ਕੋਲ ਅਤੇ ਓੁਸ ਦੇ ਭਾੜੇ ਦੇ ਪ੍ਰਚਾਰਕਾਂ ਕੋਲ ਇਹ ਸ਼ੀਸ਼ਾ ਨਹੀਂ ਹੈ ਕਿਓੁਂ ਕਿ ਇਹ ਸ਼ੀਸ਼ਾ ਜਿਓੁਂਦੇ ਜਮੀਰ ਵਾਲੇ ਬੰਦਿਆਂ ਕੋਲ ਹੀ ਹੁੰਦਾ ਹੈ

ਕਈ ਵਿਅਕਤੀਆਂ ਦਾ ਇਹ ਵੀ ਕਹਿਣਾਂ ਹੇ ਕਿ ਇਸ ਫਿਲਮ 'ਤੇ ਓੁਂਗਲੀ ਓੁਠਾਓੁਣਾਂ ਸਹੀ ਨਹੀਂ ਹੈ ਕਿਓੁਂ ਕਿ ਇਹ ਬਾਕੀ ਪੰਜਾਬੀ ਫਿਲਮਾਂ ਤੋਂ ਵੱਖਰੀ ਫਿਲਮ ਹੈਇਹਨਾਂ ਬੁੱਧੂਜੀਵੀਆਂ ਨੂੰ ਮੈਂ ਪੁੱਛਣਾਂ ਚਾਹੁੰਦਾ ਹਾਂ ਕਿ ਕੀ ਇਕ ਪਹਿਲਾਂ ਦੀ ਬਣੀਂ ਹੋਈ ਪਗਡੰਡੀ ਤੋਂ ਵੱਖ ਹੋ ਕੇ ਨਵੀਂ ਪਗਡੰਡੀ ਤੇ ਚੱਲਦਿਂਆਂ ਓੁਸੇ ਨਕਾਰਾਤਮਕ ਸੋਚ ਵਾਲੀ ਮੰਜ਼ਿਲ ਵੱਲ ਵਧਣਾਂ ਕਿੰਨਾ ਕੁ ਵਾਜਵ ਹੈ ? ਖੁਦਕੁਸ਼ੀ ਕਰਨੀਂ ਹੋਵੇ ਤਾਂ ਇਸ ਨਾਲ ਕੋਈ ਫਰਕ ਨਹੀਂ ਪੈ ਜਾਂਦਾ ਕਿ ਨਹਿਰ ' ਛਾਲ ਮਾਰਨੀ ਹੈ ਜਾਂ ਸਲਫਾਸ ਖਾ ਕੇ ਮਰਨਾ ਹੈਮਰਨ ਨਾਲ ਕੁੱਝ ਹਾਸਿਲ ਨਹੀਂ ਹੋਣਾਂ ਹਤੇ ਕੁੱਝ ਹਾਸਿਲ ਕਰਨ ਲਈ ਜਿਓੁਂਦੇ ਰਹਿਣਾਂ ਬਹੁਤ ਜਰੂਰੀ ਹੈ

ਵੈਸੇ ਫਿਲਮ ਦਾ ਮੌਜੂਦਾ ਨਾਮ "ਸਿਕੰਦਰ" ਰੱਖਣ ਵਾਲੇ ਨੇ ਬਹੁਤ ਸੋਚ ਸਮਝ ਕੇ ਰੱਖਿਆ ਹੈ ਕਿਓੁਂ ਕਿ ਇਹ ਨਾਮ ਰੱਖਣ ਵਾਲਾ ਜਾਣਦਾ ਹੈ ਕਿ ਇਹ ਫਿਲਮ ਧਾੜ੍ਹਵੀ "ਸਿਕੰਦਰ" ਦੀ ਹੀ ਪੈਰਵਾਈ ਕਰਦੀ ਹੈਇਸ ਧਾੜ੍ਹਵੀ ਸਿਕੰਦਰ ਨੇ ਵੀ ਸੱਤ੍ਹਾ ਦੇ ਨਸ਼ੇ ਵਿੱਚ ਅੰਨਿਆਂ ਹੋ ਕੇ ਲੱਖਾਂ ਕਤਲ ਅਤੇ ਬਲਾਤਕਾਰ ਕੀਤੇ ਸਨਇਸ ਤਰ੍ਹਾਂ ਫਿਲਮ ਦਾ ਨਾਮ "ਸਿਕੰਦਰ" ਰੱਖਣ ਵਾਲਾ ਸਖਸ਼ ਸ਼ਬਾਸ਼ੀ ਦਾ ਪਾਤਰ ਹੈ ਕਿਓੁਂ ਕਿ ਓੁਸ ਨੇ ਫਿਲਮ ਦੇ ਨਾਮ ਰਾਹੀਂ ਵੀ ਇਸ ਗੱਲ ਤੇ ਮੌਹਰ ਲਗਾਈ ਹੇ ਕਿ ਗੋਰਵ ਤਰੇਹਣ ਅਤੇ ਓੁਸ ਦਾ ਖਰੀਦਿਆ ਪੱਤਰਕਾਰ ਲਾਣਾਂ ਅਸਲ ' ਬਲਾਤਕਾਰ ਅਤੇ ਧਾੜ੍ਹਵੀਆਂ ਦੇ ਹੀ ਹਮਾਇਤੀ ਹਨ

ਮੌਜੂਦਾ ਦੋਰ ਦੀਆਂ ਸਮਾਜਿਕ ਬੁਰਾਈਆਂ ਪ੍ਰਤੀ ਚਿੰਤਤ ਲੋਕ ਇਹ ਜਾਣਦੇ ਨੇ ਕਿ "ਸਰਸਾ" ਤੋਂ "ਸਿਕੰਦਰ" ਬਣੀਂ ਇਹ ਫਿਲਮ ਵੀ ਅਸਿੱਧੇ ਤੋਰ ਤੇ ਓੁਹਨਾਂ ਬੁਰਾਈਆਂ ਨਾਲ ਹੀ ਜੁੜ੍ਹੀ ਹੈ ਕਿਓੁਂ ਕਿ ਇਹ ਗੁੰਡੇ ਸਿਕੰਦਰ ਅਤੇ ਹਰਗੰਗ ਜਰੀਏ ਇਹਨਾਂ ਸਮਾਜਿਕ ਬੁਰਾਈਆਂ ਦੀ ਹੀ ਹਮਾਇਤ ਕਰਦੀ ਹੈਹਾਂ ਜਿਹੜੇ ਸਾਹਿਤਕਾਰ/ਪੱਤਰਕਾਰ ਇਸ ਗੱਲ ਤੋਂ ਜਾਣੁਂ ਹੁੰਦਿਆਂ ਹੋਇਆਂ ਵੀ ਨੋਟਾਂ ਦੀ ਖੜ੍ਹ - ਖੜ੍ਹ ' ਗੋਰਵ ਤਰੇਹਣ ਵੱਲ ਭੁਗਤ ਰਹੇ ਨੇ ਤਾਂ ਓੁਹਨਾਂ ਨੂੰ ਦੱਸਣਾਂ ਬਣਦਾ ਹੈ ਕਿ ਓੁਹਨਾਂ ਦੇ ਚਿਹਰਿਆਂ 'ਤੇ ਪਾਇਆ ਨਕਾਬ ਲਹਿ ਚੁੱਕਾ ਹੇ ਅਤੇ ਇਹ ਗੱਲ ਸਾਬਿਤ ਹੋ ਗਈ ਹੈ ਕਿ ਓੁਹਨਾਂ ਦਾ ਜਮੀਰ ਵਿਕਾਓੂ ਹੈ ਅਤੇ ਵਿਕਾਓੂ ਵੀ ਸਿਰਫ ਕਾਗਜ਼ ਦੇ ਛਿਲਕਿਆਂ ਬਦਲੇਜਿੱਥੇ ਜਤਿੰਦਰ ਅਤੇ ਦਲਜੀਤ ਅਮੀਂ ਸੱਚੇ ਹੋਣ ਕਾਰਨ ਸਾਰਿਆਂ ਦੇ ਸਾਹਮਣੇਂ ਕੇ ਬੋਲ ਰਹੇ ਨੇ ਓੁੱਥੇ ਗੋਰਵ ਤਰੇਹਣ ਐਂਡ ਪਾਰਟੀ ਝੂਠੀ ਹੋਣ ਕਾਰਨ ਕੁਸਕੀ ਵੀ ਨਹੀਂ ਹੈਸੱਚਾ ਓੁਹੀ ਹੁੰਦਾ ਹੈ ਜੋ ਲੋਕਾਂ ਦੀ ਕਚਹਿਰੀ ' ਕੇ ਬੇ-ਖੌਫ ਸਾਰਿਆਂ ਸਾਹਮਣੇਂ ਅਸਲੀਅਤ ਰੱਖੇ ਅਤੇ ਲੋਕਾਂ ਦੀ ਕਚਹਿਰੀ ਵਿੱਚ ਹਰ ਸਵਾਲ ਦਾ ਜਵਾਬ ਦੇਣ ਲਈ ਤਿਆਰ ਰਹੇ ਅਤੇ ਝੂਠਾ ਓੁਹ ਹੁੰਦਾ ਹੈ ਜੋ ਲੋਕ ਕਚਹਿਰੀ ਦੀ ਅਦਾਲਤ ਦੇ ਇੰਨਸਾਫ ਤੋਂ ਡਰਦਾ ਹੋਇਆ ਅੰਦਰ ਕੁੰਡੀ ਮਾਰ ਕੇ ਬੈਠਾ ਰਹੇਝੂਠਾ ਓੁਹ ਵੀ ਹੁੰਦਾ ਹੈ ਜੋ ਇਹਨਾਂ ਦੇ ਝੂਠ ਅਤੇ ਬੁਜਦਿਲੀ ਦੀ ਹਮਾਇਤ ਕਰੇ ਅਤੇ ਸਾਰਾ ਕੁੱਝ ਜਾਣਦਿਆਂ ਹੋਇਆਂ ਵੀ ਇਹਨਾਂ ਲੋਟੂਆਂ ਦੇ ਹੱਕ ' ਭੁਗਤੇ
 
ਦਲਜਿਤ ਅਮੀਂ ਹਤੇ ਜਤਿੰਦਰ ਦੋਹਨੋਂ ਵਧਾਈ ਦੇ ਪਾਤਰ ਹਨ ਅਤੇ ਨੌਜਵਾਨੀਂ ਲਈ ਪ੍ਰੇਰਣਾਂ ਸ੍ਰੋਤ ਹਨ ਕਿ ਸਮਾਜ ਦੀ ਬੇਹਤਰੀ ਲਈ ਵਿਚਾਰਾਂ ਅਤੇ ਅਸੂਲਾਂ ਓੁੱਤੇ ਇੰਝ ਖੜ੍ਹਿਆ ਜਾਂਦਾ ਹੈ ਨਾ ਕਿ ਸਮਝੋਤੇ ਕਰਕੇ ਸਮਾਜ ਦਾ ਭਲਾ ਹੋਣਾਂ ਹੈ"ਸਿਕੰਦਰ" ਨਾਲੋਂ ਵੱਖ ਹੋਣ ਦਾ ਦਲਜੀਤ ਅਮੀਂ ਅਤੇ ਜਤਿੰਦਰ ਦਾ ਫੈਂਸਲਾ ਪੰਜਾਬੀ ਫਿਲਮਸਾਜ਼ੀ ਦੇ ਇਤਿਹਾਸ ਵਿੱਚ ਇਕ ਮੀਲ ਪੱਥਰ ਸਾਬਿਤ ਹੋਵੇਗਾ ਜੋ ਭਵਿੱਖ ' ਲੋਕਾਂ ਨੂੰ ਯਾਦ ਦਵਾਇਆ ਕਰੇਗਾ ਕਿ ਅਸੂਲ ਅਤੇ ਵਿਚਾਰਾਂ ਦੀ ਪ੍ਰਵਾਹ ਕਰਨ ਵਾਲੇ ਕਦੇ ਵਿਕਦੇ ਨਹੀਂ

ਮਨਦੀਪ ਸੁੱਜੋਂ