Saturday 13 July 2013

ਕੈਮਰੇ ਵਾਲਿਆ ਪੱਤਰਕਾਰਾ ਖਿੱਚ ਫੋਟੋ

ਕੈਮਰੇ ਵਾਲਿਆ ਪੱਤਰਕਾਰਾ ਖਿੱਚ ਫੋਟੋ,
ਬਲਾਤਕਾਰ ਹੋ ਗਿਆ ਹੈ
ਕੋਈ ਬੇ ਪੱਤ ਹੋ ਗਿਆ ਹੈ
ਕਿਸੇ ਦੇ ਜਿਸਮ ਤੇ
ਹਵਸ ਨੇ ਝਰੀਟਾਂ ਮਾਰ ਦਿੱਤੀਆਂ ਨੇਂ ,
ਪਾਟੇ ਹੋਏ ਕੱਪੜਿਆਂ ਵਿੱਚੋਂ
ਜ਼ਖਮੀਂ ਜਿਸਮ ਦਿਖ ਰਿਹਾ ਹੈ,
ਤੇਰੀ ਕੱਲ੍ਹ ਦੀ ਅਖਬਾਰ ਲਈ
ਮਸਾਲਾ ਤਿਆਰ ਹੈ
ਕੈਮਰੇ ਵਾਲਿਆ ਪੱਤਰਕਾਰਾ ਖਿੱਚ ਫੋਟੋ ।
... ਬੇਰੁਜਗਾਰ ਇਕ ਨੋਜਵਾਨ ਹੈ
ਸਿਫਾਰਿਸ਼ਾਂ, ਰਿਜ਼ਰਵੇਸ਼ਨਾਂ
ਦਾ ਸਤਾਇਆ ਹੋਇਆ ਹੈ
ਨੋਕਰੀ ਨਹੀਂ ਡਾਂਗਾਂ ਮਿਲਦੀਆਂ ਨੇਂ
ਤੇ ਸਰਕਾਰ ਸੇਵਾ ਦੱਸਦੀ ਹੈ ਇਸ ਨੂੰ
ਫਿਰ ਇਕ ਆਤਮਦਾਹ ਹੁੰਦਾ ਹੈ
ਕੈਮਰੇ ਵਾਲਿਆ ਪੱਤਰਕਾਰਾ ਖਿੱਚ ਫੋਟੋ ।
ਇਕ ਓੁਹ ਕਿਸਾਨ ਵੀ ਹੈ
ਜਿਸਨੂੰ ਅੰਨ ਦਾਤਾ ਆਖਦੇ ਨੇਂ
ਪਰ ਓੁਸ ਦੇ ਆਪਣੇਂ ਜਵਾਕ ਭੁੱਖੇ ਮਰਦੇ ਨੇਂ
ਫਿਰ ਕਰਜ਼ਾ ਚੜ੍ਹਦਾ ਜਾਂਦਾ ਹਰ ਸਾਲ
ਵਧਦਾ ਜਾਂਦਾ ਹਰ ਸਾਲ
ਅਮਰ ਵੇਲ ਵਾਂਗ
ਤੇ ਅਖੀਰ ਇਕ ਲਾਸ਼
ਲਟਕ ਰਹੀ ਹੈ ਕਿਸੇ ਟੁੱਟੇ ਜਿਹੇ ਮਕਾਨ ਦੇ
ਖਾਲ੍ਹੀ ਜਿਹੇ ਕਮਰੇ 'ਚ
ਜਾਂ ਪਿੰਡ ਦੀ ਸੱਥ੍ਹ 'ਚ
ਕੈਮਰੇ ਵਾਲਿਆ ਪੱਤਰਕਾਰਾ ਖਿੱਚ ਫੋਟੋ ।
ਇਕ ਓੁਹ ਸਮਾਜ ਸੇਵਕ ਵੀ ਹੈ
ਵਧੀਆ ਚਿੰਤਕ ਵੀ ਹੈ
ਲੱਚਰ ਗਾਇਕੀ ਵਾਲੀ ਕਤੀੜ ਖਿਲਾਫ
ਬਹੁਤ ਬੋਲਦਾ ਹੈ ਹਿੱਕ ਤਾਣ ਕੇ
ਪਰ ਅੱਜ ਓੁਹਨੇ ਵੀ ਟੋਹਰ ਮਾਰਨੀਂ ਹੈ
ਆਪਣੇਂ ਰਿਸ਼ਤੇਦਾਰਾਂ ਭਾਈਆਂ 'ਚ
ਇਸ ਕਤੀੜ ਨਾਲ ਜੱਫੀ ਪਾ ਕੇ
ਕੈਮਰੇ ਵਾਲਿਆ ਪੱਤਰਕਾਰਾ ਖਿੱਚ ਫੋਟੋ ।
ਕਈ ਭਾਈਚਾਰੇ ਦੇ ਨੁਮਾਇੰਦੇ ਨੇਂ
ਫਿਕਰ ਬਹੁਤ ਰਹਿੰਦਾ ਇਹਨਾਂ ਨੂੰ
ਪੰਜਾਬੀ ਦਾ, ਪੰਜਾਬੀਅਤ ਦਾ
ਸਰਕਾਰਾਂ ਖਿਲਾਫ ਬਹੁਤ ਬੋਲਦੇ ਨੇਂ
ਪਰ ਮੁੰਹ ਬੰਦ ਹੋ ਜਾਂਦਾ ਇਹਨਾਂ ਦਾ
ਜਦ ਐਨ. ਆਰ. ਆਈ ਸੰਮੇਲਨਾਂ 'ਚ
ਜਾ ਕੇ ਸਰਕਾਰਾਂ ਦੀ ਸੁੱਟੀ ਰੋਟੀ ਚਰੂੰਡਦੇ ਨੇਂ
ਸਰਕਾਰੀ ਟੁੱਕੜਾਂ ਨਾਲ ਬੰਦ ਹੋਏ ਮੁੰਹ ਦੀ
ਕੈਮਰੇ ਵਾਲਿਆ ਪੱਤਰਕਾਰਾ ਖਿੱਚ ਫੋਟੋ ।
ਲੋਕਾਂ ਦੇ ਨੁਮਾਇੰਦੇ ਨੇਂ
ਸੱਭਿਅਕ ਅਤੇ ਹਲੀਮੀਂ ਵਾਲੇ ਗੁੰਡੇ
ਸਭਾ ਵਿੱਚ ਅਲੰਕਾਰ ਵਰਤਦੇ ਨੇਂ
ਮਾਂ ਭੈਣ ਨੂੰ ਸਨਮਾਨਿਤ ਕਰਦੇ ਨੇਂ
ਇਹਨਾਂ ਸੱਭਿਅਕ ਲੀਡਰਾਂ ਦੀ
ਕੈਮਰੇ ਵਾਲਿਆ ਪੱਤਰਕਾਰਾ ਖਿੱਚ ਫੋਟੋ ।
ਝੂਠੇ ਪੁਲਸ ਮੁਕਾਬਲੇ ਨੇਂ
ਖਾਕੀ ਕੁੱਤਿਆਂ ਦੇ ਮੋਢਿਆਂ ਤੇ ਫੀਤੀਆਂ ਨੇਂ
ਕਈ ਖੁੱਲ੍ਹੇ ਫਿਰਦੇ ਬਘਿਆੜ ਨੇਂ
ਕਈ ਮਾਵਾਂ ਦੇ ਗਵਾਚੇ ਪੁੱਤ ਨੇਂ
ਜੋ ਹਾਲੇ ਵੀ ਲਾਪਤਾ ਨੇਂ
ਇਹਨਾਂ ਲਾਪਤਾ ਜਵਾਨਾਂ ਦੇ ਨਾਮ ਤੇ
ਜੋ ਫੀਤੀਆ, ਸਟਾਰ ਵੰਡੇ ਗਏ , ਓੁਹਨਾਂ ਦੀ
ਕੈਮਰੇ ਵਾਲਿਆ ਪੱਤਰਕਾਰਾ ਖਿੱਚ ਫੋਟੋ ।
ਕਈ ਧਾਰਮਿਕ ਜੱਥੇਬੰਦੀਆਂ ਨੇਂ
ਲੋਕ ਮਸਲਿਆਂ ਦਾ ਫਿਕਰ ਬਹੁਤ ਕਰਦੀਆਂ ਨੇਂ
ਪਰ ਨਹੀਂ ਬੋਲਦੀਆਂ ਮਰ ਰਹੇ
ਕਿਸਾਨਾਂ ਲਈ ਮਜ਼ਦੂਰਾਂ ਲਈ
ਫਿਰ ਪਤਾ ਨਹੀਂ ਕਿਓੁਂ
ਸੱਪ ਸੁੰਘ ਜਾਂਦਾ ਹੈ ਇਹਨਾਂ ਨੂੰ
ਇਹ ਲੋਕਾਂ ਦੇ ਮੁੰਡੇ ਮਰਵਾਓੁਂਣ ਵਾਲਿਆਂ ਦੀ
ਕੈਮਰੇ ਵਾਲਿਆ ਪੱਤਰਕਾਰਾ ਖਿੱਚ ਫੋਟੋ ।
ਇਸ ਗੱਲ ਨਾਲ ਢਿੱਡ ਦੁਖੇਗਾ
ਮੇਰੇ ਕਈ ਅਖੌਤੀ ਮਿੱਤਰਾਂ ਅਤੇ ਪ੍ਰਸ਼ੰਸਕਾਂ ਦਾ ।
ਇਹ ਦੋਹਰੇ ਮਾਪਦੰਢਾਂ ਵਾਲੇ ਲੋਕਾਂ ਦੀ
ਕੈਮਰੇ ਵਾਲਿਆ ਪੱਤਰਕਾਰਾ ਖਿੱਚ ਫੋਟੋ ।
ਇਕ ਗਰੀਬ ਦੀ ਝੁੱਗੀ ਨੂੰ ਅੱਗ ਲੱਗੀ ਹੈ
ਸਭ ਸਵਾਹ ਹੋਣ ਲਾਗੇ ਹੈ
ਲੋਕੀ ਪਾਣੀਂ ਲੈ ਆਏ ਨੇਂ
ਪਰ ਤੂੰ ਪਾਣੀਂ ਪਾਓੁਂਣ ਨਹੀਂ ਦਿੱਤਾ
ਇਸ ਫੋਟੋ ਨਾਲ ਤੂੰ ਵੀ
ਸੰਪਾਦਕ ਮੋਹਰੇ ਨੰਬਰ ਬਨਾਓੁਣੇਂ ਨੇਂ
ਨੰਬਰ ਦਾ ਤਾਂ ਪਤਾ ਨਹੀਂ
ਪਰ ਝੁੱਗੀ ਜਲ ਚੁੱਕੀ ਹੈ
ਤੇ ਅੰਦਰੋਂ ਇਕ ਲਾਸ਼ ਨਿਕਲੀ ਹੈ
ਇਸ ਲਾਸ਼ ਦੇ ਅਸਲੀ ਕਾਤਲ
ਕੈਮਰੇ ਵਾਲਿਆ ਪੱਤਰਕਾਰਾ ਖਿੱਚ ਫੋਟੋ ।
ਕਈ ਸਤਾਏ ਹੋਏ ਡਾਕਟਰ ਨੇਂ
ਸੰਘਰਸ਼ ਕਰਦੇ ਵਿਦਿਆਰਥੀ ਨੇਂ
ਵਕੀਲ ਨੇਂ ਅਧਿਆਪਕ ਨੇਂ
ਇਹ ਕਿੱਧਰੇ ਇਕੱਠੇ ਨਾ ਹੋ ਜਾਣ
ਕਿਧਰੇ ਤਖਤਾ ਨਾ ਪਲਟ ਦੇਣ ਹਕੂਮਤ ਦਾ
ਇਸ ਹੜ੍ਹ ਨੂੰ ਰੋਕਣ ਲਈ
ਸਰਕਾਰ ਦਾ ਲਾਇਆ "ਹਜਾਰੇ" ਸੇਫਟੀ ਵਾਲਵ ਹੈ
ਇਹਨਾਂ ਲੋਕਤੰਤਰੀ ਸੇਫਟੀ ਵਾਲਵਾਂ ਦੀ
ਕੈਮਰੇ ਵਾਲਿਆ ਪੱਤਰਕਾਰਾ ਖਿੱਚ ਫੋਟੋ ।
ਬਸਤਰ ਦੇ ਜੰਗਲ ਨੇਂ
ਆਪਣੇਂ ਹੱਕਾਂ ਲਈ ਮਰਦੇ ਆਦਿਵਾਸੀ ਨੇਂ
ਓੁਹਨਾਂ ਦਾ ਖੂਨ ਚੂਸਦੇ ਸਰਕਾਰੀ ਅਫਸਰ ਨੇਂ
ਸਕੂਲਾਂ 'ਚ ਬੇਪੱਤ ਹੁੰਦੀਆਂ ਬਾਲੜੀਆਂ ਨੇਂ
ਤੇ ਹਕੂਮਤ ਹੋਕਾ ਦਿੰਦੀ ਹੈ ਲੋਕਤੰਤਰ ਦਾ
ਲੋਕਾਂ ਦੇ ਤੰਤਰ ਦਾ ਤਾਂ ਪਤਾ ਨਹੀਂ
ਪਰ ਤੰਤਰ ਹੈ ਜਰੂਰ
ਵੱਡੀਆਂ ਮੱਛੀਆਂ ਦਾ ਢਿੱਡ ਭਰਨ ਵਾਲਾ
ਅਜਿਹੇ ਗਿਰੇ ਹੋਏ ਤੰਤਰ ਦੀ
ਕੈਮਰੇ ਵਾਲਿਆ ਪੱਤਰਕਾਰਾ ਖਿੱਚ ਫੋਟੋ ।
ਵਿਸ਼ਵ ਸ਼ਾਂਤੀ ਅਤੇ ਲੋਕਤੰਤਰ ਦੀ ਗੱਲ ਕਰਦਾ
ਅਮਰੀਕੀ ਲਾਣਾਂ ਅਤੇ ਲਾਮ ਲਸ਼ਕਰ
ਪਤਾ ਨਹੀਂ ਕਿਹੜਾ ਲੋਕਤੰਤਰ ਲੈ ਕੇ ਆਵੇਗਾ
ਇਰਾਕ, ਅਫਗਾਨਿਸਤਾਨ ਵਿੱਚ
ਹਜ਼ਾਰਾਂ ਦਾ ਕਤਲ ਕਰਕੇ ।
ਇਸ ਅਜੋਕੇ ਲੋਕਤੰਤਰੀ ਸਾਮਰਾਜਵਾਦ ਦੀ
ਸ਼ਾਤਿਰ ਬਸਤੀਵਾਦ ਦੀ
ਕੈਮਰੇ ਵਾਲਿਆ ਪੱਤਰਕਾਰਾ ਖਿੱਚ ਫੋਟੋ ।
ਫੋਟੋ ਖਿੱਚਦਿਆਂ ਕਦੇ ਆਪਣੇਂ ਅੰਦਰ ਝਾਤੀ ਮਾਰ
ਦੇਖ ਆਪਣੇਂ ਆਪ ਨੂੰ
ਤੇਰੇ ਅੰਦਰ ਵਾਲੇ ਅਸਲ ਇਨਸਾਨ ਨੂੰ,
ਜੇਕਰ ਦਿਖ ਜਾਵੇ ਇਹ ਇਨਸਾਨ ਤੈਨੂੰ
ਕੈਮਰੇ ਵਾਲਿਆ ਪੱਤਰਕਾਰਾ ਖਿੱਚ ਫੋਟੋ ।

1 comment: