Saturday 13 July 2013

"ਕਵਿਤਾ"

ਮੈਨੂੰ ਨਾ ਦੱਸੋ
ਕਿ ਕਵਿਤਾ ਕੀ ਹੁੰਦੀ ਹੈ
ਕਿਵੇਂ ਲਿਖਣੀਂ ਹੈ
ਕੀ ਲੈਅ ਹੁੰਦੀ ਹੈ
ਤੇ ਕੀ ਬੰਦਿਸ਼ ਹੁੰਦੀ ਹੈ
ਮੈਂ ਕਵਿਤਾ ਨਹੀਂ ਲਿਖਦਾ ।
ਮੈਂ ਤਾਂ ਬੱਸ ਸੁਨੇਹਾ ਦਿੰਦਾ ਹਾਂ
ਮਜ਼ਦੂਰਾਂ ਨੂੰ ਕਿਸਾਨਾਂ ਨੂੰ
ਨੀਂਦ ਚੋਂ ਜਾਗਣ ਦਾ,
ਜਿਹਨਾਂ ਦੇ ਜੇਹਨ 'ਚ ਨਹੀਂ ਘੁਸਦੇ
ਤੁਹਾਡੇ ਭਾਰੇ - ਭਾਰੇ
ਜਲੇਬੀ ਵਰਗੇ ਸਿੱਧੇ ਸ਼ਬਦ ।
ਮੇਰਾ ਲਿਖਣਾਂ ਤਾਂ
ਸਿੱਧਾ ਹੁੰਦਾ ਹੈ
ਸਿਆੜ, ਵੱਟਾਂ, ਬੰਨਿਆਂ ਵਰਗਾ ।
ਤੁਸੀਂ ਕਿਸ ਕਵਿਤਾ ਦੀ ਗੱਲ ਕਰਦੇ ਹੋ ?
ਜੋ ਓੁਸ ਨਜਰ ਦੀ ਪੈਰਵਾਈ ਕਰਦੀ ਹੈ
ਜੋ ਕੁੜੀ ਦੇ ਜਿਸਮ ਦੇ
ਆਰ - ਪਾਰ ਹੋ ਜਾਂਦੀ ਹੈ,
ਜਾਂ ਓੁਸ ਕਵਿਤਾ ਦੀ
ਜੋ ਹਰ ਲੋਕ ਮਸਲੇ ਤੇ
ਚੁੱਪ ਹੋ ਜਾਂਦੀ ਹੈ ।
ਮੈਂ ਕੋਈ ਕਵੀ ਨਹੀਂ
ਜੋ ਭੂਤਰੇ ਆਸ਼ਿਕਾਂ ਦੀ ਗੱਲ ਕਰੇ
ਮਿਰਜਿਆਂ ਦੀ ਬਦਮਾਸ਼ੀ ਦੇ ਹੱਕ 'ਚ ਬੋਲੇ
ਵਜੀਰਾਂ ਦੇ ਹੱਕ 'ਚ ਕਸੀਦੇ ਕੱਢੇ
ਜਾਂ ਦਾਰੂ ਪੀ ਕੇ
ਵਿਛੜੀ ਮਾਸ਼ੂਕ ਦਾ ਪਿੱਟ ਸਿਆਪਾ ਕਰੇ ।
ਮੈਂ ਜਿਹਨਾਂ ਦੀ ਗੱਲ੍ਹ ਕਰਦਾ ਹਾਂ
ਓੁਹਨਾਂ ਦੇ ਖੂਹ ਤੇ ਰੱਬ ਨਹੀਂ ਵੱਸਦਾ
ਰੱਬ ਤਾਂ ਹੁਣ ਸਬਮਰਸੀਬਲ ਵਾਲੇ
ਜੱਥੇਦਾਰਾਂ ਅਤੇ ਜੈਲਦਾਰਾਂ ਨੇਂ
ਬੈਅ ਕਰਾ ਲਿਆ ਹੈ ।
ਤੁਸੀਂ ਕਿਸ ਕਵਿਤਾ ਦੀ ਗੱਲ ਕਰਦੇ ਹੋ
ਜੋ ਸਿਰਫ ਪਾੜ੍ਹਿਆਂ ਦੇ ਖਾਨੇਂ ਪੈਂਦੀ ਹੈ
ਅਤੇ ਮੇਰੇ ਪਿੰਡ ਵਾਲੇ ਬਖਸ਼ੇ ਦੇ
ਸਿਰ ਓੁੱਪਰੋਂ ਹੀ ਲੰਘ ਜਾਂਦੀ ਹੈ ।
ਜਾਂ ਫਿਰ ਓੁਸ ਕਵਿਤਾ ਦੀ ਗੱਲ ਕਰਦੇ ਹੋ
ਜਿਸ ਦੀਆਂ ਕੁੱਝ ਸਤਰਾਂ
ਸ਼ਿੰਗਾਰ ਬਣਦੀਆਂ ਨੇ
ਕਿਸੇ ਦੇ ਪ੍ਰੇਮ ਪੱਤਰ ਦਾ ।
ਮੇਰੀ ਕਲਮ ਤਾਂ ਕਿਸੇ ਕਿਸਾਨ ਦੇ
ਸੂਸਾਈਡ ਨੋਟ ਬਾਰੇ ਗੱਲ ਕਰਦੀ ਹੈ
ਕਿ ਕਿਓੁਂ ਹੋਇਆ
ਕੌਣ ਜੁੰਮੇਵਾਰ ਹੈ ?
ਤੁਸੀਂ ਕਿਸ ਕਵਿਤਾ ਦੀ ਗੱਲ ਕਰਦੇ ਹੋ
ਜੋ ਨਦੀਆਂ, ਝਰਨਿਆਂ, ਪਹਾੜੀਆਂ ਤੇ
ਫੁੱਲਾਂ ਪੱਤੀਆਂ ਦੀਆਂ ਸਿਫਤਾਂ ਕਰਦੀ ਹੈ
ਮੈਂ ਤਾਂ ਓੁਹਨਾਂ ਖਾਲੀ ਪਏ
ਖੇਤਾਂ ਦੀ ਗੱਲ੍ਹ ਕਰਨੀਂ ਹੈ
ਜੋ ਹਕੂਮਤ ਨੇ ਐਕਵਾਇਰ ਕਰ ਲਏ ਨੇਂ
ਜਿੱਥੇ ਹੁਣ ਦਾਰੂ ਦੀ ਫੈਕਟਰੀ ਲੱਗਣੀਂ ਹੈ
ਜਿੱਥੋਂ ਹੁਣ ਇਕ ਲਿਸ਼ਕਦੀ
ਸੜ੍ਹਕ ਨਿਕਲਣੀਂ ਹੈ
ਜੋ ਕਈਆਂ ਕਿਸਾਨਾਂ ਦਾ ਕਤਲ ਕਰੇਗੀ ।
ਤੁਸੀਂ ਕਿਸ ਕਵਿਤਾ ਦੀ ਗੱਲ੍ਹ ਕਰਦੇ ਹੋ
ਜੋ ਵਿਦਿਆਰਥੀਆਂ ਨੂੰ ਆਸ਼ਿਕ ਬਣਾਓੁਂਦੀ ਹੈ
ਕਿਸੇ ਸੁਨੱਖੀ ਮੁਟਿਆਰ ਦਾ
ਮੈਂ ਤਾਂ ਓੁਹਨਾਂ ਵਿਦਿਆਰਥੀਆਂ ਦੀ ਗੱਲ੍ਹ ਕਰਨੀਂ ਹੈ
ਜਿਹਨਾਂ ਕੋਲ ਫੀਸਾਂ ਨਹੀਂ ਹਨ
ਜਿਹਨਾਂ ਦੇ ਬੱਸ ਪਾਸ ਖੋਹੇ ਜਾ ਰਹੇ ਨੇਂ
ਵਿੱਦਿਆ ਦਾ ਧੰਦਾ ਕਰਨ ਵਾਲਿਆਂ ਨੂੰ ਖੁਸ਼ ਕਰਨ ਲਈ
ਤਾਂ ਕਿ ਹੁਣ ਗਰੀਬ ਮਾਤ੍ਹੜ ਪੜ੍ਹ ਨਾ ਜਾਵੇ ।
ਮੈਂ ਤਾਂ ਓੁਹਨਾਂ ਦੀ ਗੱਲ ਕਰਨੀਂ ਹੈ
ਜਿਹਨਾਂ ਦਾ ਹੱਕ ਮਰਿਆ ਹੈ
ਜਿਹਨਾਂ ਨਾਲ ਧੱਕ੍ਹਾ ਹੋਇਆ ਹੈ
ਤੇ ਜੇ ਇਹਨਾਂ ਲੋਕਾਂ ਲਈ ਲਿਖਣਾਂ
ਕਵਿਤਾ ਨਹੀਂ ਹੁੰਦੀ ਤਾਂ
ਮੈਨੂੰ ਨਾ ਦੱਸੋ
ਕਿ ਕਵਿਤਾ ਕੀ ਹੁੰਦੀ ਹੈ
ਕਿਵੇਂ ਲਿਖਣੀਂ ਹੈ
ਕੀ ਲੈਅ ਹੁੰਦੀ ਹੈ
ਤੇ ਕੀ ਬੰਦਿਸ਼ ਹੁੰਦੀ ਹੈ
ਮੈਂ ਕਵਿਤਾ ਨਹੀਂ ਲਿਖਦਾ ।

ਮਨਦੀਪ ਸੁੱਜੋਂ

No comments:

Post a Comment