Saturday 30 March 2013

ਮੈਂ ਕਾਫ਼ਰ ਹਾਂ

ਮੈਂ ਕਾਫ਼ਰ ਹਾਂ - ਮਨਦੀਪ ਸੁੱਜੋਂ


 



ਮੈਂ
ਜਦ ਜਨਮ ਲਿਆ,
ਸੁਰਤ ਸੰਭਾਲੀ ਨਹੀਂ ਸੀ ਅਜੇ,
ਪਰ ਮੇਰੇ ਕੰਨਾਂ 'ਚ
ਤੁੱਨਿਆ ਗਿਆ ਹਰ ਰੋਜ਼

ਕਿ ਤੂੰ ਸਿੱਖ ਏਂ,
ਇਹ ਤੇਰੀ ਜਾਤ ਏ ।
ਬੱਸ ਫੇਰ ਇਹ ਸਭ
ਲੱਗਾ ਅਸਰ ਦਿਖਾਉਣ,
ਅਗਲੇ ਪੰਜਾਂ  ਸਾਲਾਂ ਅੰਦਰ,
ਲੱਗਾ ਮੈਂ ਵੀ ਮੱਥੇ ਘਸਾਉਣ,



ਗੁੱਗਲ ਧੁਆਂਖਣ,
ਜੋਤਾਂ ਬਾਲਣ
ਮਸੀਤੀ ਜਾਣ,
ਸਿਰਫ ਆਸ ਨਾਲ ਕਿ
ਸ਼ਾਇਦ ਮਿਲੇਗਾ
ਹ ਰੱਬ
ਜਿਸ ਦੀ ਵਡਿਆਈ
ਮੇਰੇ ਉਸ ਦਿਮਾਗ ਵਿੱਚ
ਪਾਈ ਗਈ
ਜੋ ਅਜੇ ਜਾਗ੍ਰਿਤ ਹੀ ਨਹੀਂ ਸੀ ।

ਪਰ ਸ਼ੰਕਾ ਹੁੰਦਾ ਮੈਨੂੰ
ਹਰ ਰੋਜ਼ ਉਸ ਦੀ ਹੋਂਦ ’ਤੇ,
ਜਦ ਸਵੇਰ ਦੀ ਅਖ਼ਬਾਰ

ਮੈਨੂੰ ਦੱਸਦੀ  ਕਿ
ਅੱਜ ਹਜ਼ਾਰਾਂ ਕਤਲ ਹੋਏ
ਓਸ ਰੱਬ ਦੇ ਨਾਂ ’ਤੇ ।

ਸ਼ੰਕਾ ਹੁੰਦੀ ਮੈਨੂੰ
ਜਦ ਭੁੱਖੇ ਜੁਆਕ,
ਪਾਟਿਆਂ ਲੀੜਿਆਂ ’ਚੋਂ
ਹੱਥ ਕੱਢ ਮੰਗਦੇ ਨੇ
ਢਿੱਡ ਨਾ ਭਰਨ ਜੋਗੀ ਰੋਟੀ,
ਆਪਣੇ ਰੱਟਣਾਂ ਭਰੇ
ਲਹੂ ਚੋਂਦੇ ਹੱਥਾਂ ਨਾਲ ।

ਸ਼ੰਕਾ ਹੁੰਦਾ ਮੈਨੂੰ
ਜਦ ਮਰਦੇ ਦੇਖਦਾ
ਸਰਮਾਏਦਾਰਾਂ ਨੂੰ,
ਜ਼ਿਆਦਾ ਖਾਣ ਕਰਕੇ ।
ਕਿੱਥੇ ਜਾਂਦਾ ਫਿਰ
ਸਰਵ-ਵਿਆਪਕ, ਨਿੱਡਰ
ਸਰਵ-ਸ਼ਕਤੀਮਾਨ ਰੱਬ ?

ਕਿਉਂ ਕਰਦਾ ਕਾਣੀਂ ਵੰਡ ?
ਮੈਨੂੰ ਜਵਾਬ ਚਾਹੀਦਾ
ਇਹਨਾਂ ਸਵਾਲਾਂ ਦਾ ।

ਪਰ ਓਹ ਨਹੀਂ ਬਹੁੜਿਆ
ਕਦੇ ਵੀ ਜਵਾਬ ਦੇਣ ।
ਜੇ ਓੁਹ ਸੱਚ ਹੈ
ਜ਼ਰੂਰ ਜਵਾਬ ਦਿੰਦਾ,
ਨਿਕਲਦਾ ਘਰੋਂ ਬਾਹਰ
ਨਿੱਡਰ ਹੋ ਕੇ ।

ਕਈ ਵਾਰ ਮੈਂ
ਸਿਰਨਾਵਾਂ ਪੁੱਛਿਆ ਇਹਦਾ,
ਇਹਦੇ ਟੁੱਕੜਬੋਚ ਦੋਸਤਾਂ ਤੋਂ,
ਤਾਂ ਕਿ ਇੱਕ ਵਾਰ ਪੁੱਛਾਂ
ਇਹਨੂੰ ਗਿਰੇਬਾਨ ਤੋਂ ਫੜ੍ਹ,
ਕਿੱਥੇ ਰਿਹਾ ਤੂੰ
ਜਦ ਮਸੂਮ ਮਰਦੇ ਰਹੇ,

ਪਰ ਨਹੀਂ ਦਿੰਦੇ ਸਿਰਨਾਵਾਂ ਮੈਨੂੰ
ਇਹਦੇ ਹਮਾਇਤੀ
ਇਹ ਕਹਿ ਕੇ,
ਕਿ ਤੂੰ ਮਨਮੁੱਖ ਏ,
ਕਾਫ਼ਰ ਏਂ ।

ਹਾਂ, ਮੈਂ ਕਾਫ਼ਰ ਹਾਂ
ਜੇਕਰ ਝੂਠ ਸੱਚ ਹੈ
ਤਾਂ  ਹਾਂ, ਮੈਂ ਕਾਫ਼ਰ ਹਾਂ ।
                                                

                                      ਸੰਪਰਕ:  +61 430 432 716

No comments:

Post a Comment