Saturday 30 March 2013

ਕਿਉਂ ਨਾ ਬੋਲਾਂ ?

ਕਿਉਂ ਨਾ ਬੋਲਾਂ ? - ਮਨਦੀਪ ਸੁੱਜੌ


 

ਕੱਲ੍ਹ ਫੇਰ, ਦੋਸਤਾਂ ਕਿਹਾ
ਤੂੰ ਨਾ ਬੋਲ ।
ਚੁੱਪ ਤਾਂ ਰਿਹਾ, ਪਰ
ਸੋਚਦਾ ਰਿਹਾ
ਸਾਰੀ ਰਾਤ,

ਕਿਉਂ ਨਾ ਬੋਲਾਂ?

ਹਨਾਂ ਦਹਿਸ਼ਤਗਰਦਾਂ ਵਿਰੁੱਧ ?
ਜੋ ਨਿਰਧਾਰਿਤ ਕਰਦੇ
ਦਾਇਰੇ ਜੀਵਨ ਜਿਊਣ ਦੇ,
ਦੱਸਦੇ ਸੁਆਣੀਂ ਨੂੰ
ਕੀ ਪਾਣਾ ਕੀ ਹੰਢਾਣਾ ,

ਜੋ ਬਦਲਦੇ ਰੰਗ
ਬੱਚਿਆਂ ਦੀਆਂ ਦਸਤਾਰਾਂ ਦਾ
ਏ.ਕੇ 47 ਦੀਆਂ ਨੋਕਾਂ ’ਤੇ ।

ਕਿਉਂ ਨਾ ਬੋਲਾਂ
ਮੌਤ ਦੇ ਸੌਦਾਗਰਾਂ ਵਿਰੁੱਧ ?
ਜੋ ਜੁੰਮੇਵਾਰ ਬਣੇ

ਮਾਤਮ ਛਾਏ ਵਿਹੜਿਆਂ ਦੇ,
ਜਿੱਥੋਂ ਬਰਾਤ ਤੁਰਨੀ ਸੀ
ਜਿੱਥੇ ਡੋਲੀ ਢੁੱਕਣੀ ਸੀ,
ਕਿਉਂ ਨਾ ਬੋਲਾਂ
ਧਰਮੀਂ ਤਾਨਾਸ਼ਾਹਾਂ ਵਿਰੁੱਧ ?
ਜਿਹਨਾਂ ਨੰਗਾ ਨਾਚ ਨੱਚਿਆ
ਦਹਿਸ਼ਤ ਦਾ,
ਗਲੀਆਂ ਚੁਰਸਤਿਆਂ ’ਚ

ਤੇ ਆਪਣੀ ਵਾਰੀ
ਭਿੱਜੀ ਬਿੱਲੀ ਬਣ ਲੁੱਕੇ
ਮਸਜਿਦਾਂ, ਮੰਦਰਾਂ ਤੇ
ਗੁਰਦੁਆਰਿਆਂ ਵਿੱਚ ।

ਕਿਉਂ ਨਾ ਬੋਲਾਂ
ਉਹਨਾਂ ਪਖੰਡੀਆਂ ਵਿਰੁੱਧ ?
ਜੋ ਰਜਾਉਂਦੇ ਨੇ ਮੂਰਤੀਆਂ
ਦੁੱਧ ਪਿਲਾ ਕੇ
ਫਲ ਖੁਆ ਕੇ ।

ਕਿਉਂ ਨਾ ਬੋਲਾਂ
ਉਹਨਾਂ ਸੌਦਿਆਂ ਵਿਰੁੱਧ?
ਜੋ ਕਾਤਲ ਨੇ
ਬਲਾਤਕਾਰੀ ਝੂਠੇ ਨੇ,
ਫਿਰ ਵੀ ਸੱਚੇ ਅਖਵਾਉਂਦੇ ਨੇ ।

ਕਿਉਂ ਨਾ ਬੋਲਾਂ
ਉਹਨਾਂ ਸਵਾਮੀਆਂ ਵਿਰੁੱਧ ?
ਜੋ ਦੱਬਦੇ ਨੇ ਜ਼ਮੀਨ
ਕਿਸਾਨ ਦੀ,
ਰਾਧਾ - ਰਾਧਾ ਕਰਕੇ ।

ਕਿਉਂ ਨਾ ਬੋਲਾਂ
ਧਰਮੀਂ ਟਰਾਂਸਫਾਰਮਾਂ ਵਿਰੁੱਧ ?
ਜੋ ਖੁਦ ਸੜ੍ਹੇ ਨੇ
ਲੋਕਾਂ  ਨੂੰ ਰੋਸ਼ਨੀ ਦਿੰਦੇ ਨੇ ।

ਸੰਪਰਕ:  0061 430 432 716

No comments:

Post a Comment