Saturday 29 June 2013

"ਮੈਂ ਨਰਾਜ਼ ਕਿਓੁਂ ਏਂ"

ਸੁਣਿਆ ਮੇਰਾ ਯਾਰ ਲਿਖਾਰੀ ਬਣ ਗਿਆ
ਖੁਸੀ ਹੋਈ, ਪਰ
ਇਕਦਮ ਮੈਂ ਡਰ ਗਿਆ ।

ਵਿੱਚ ਲਿਖਤਾਂ ਕਹਿੰਦਾ
ਬਦਲ ਦਿਓੁਂ ਸਮਾਜ ਮੈਂ, ਹੂੰਝਾ ਦਿਓੁਂ ਫੇਰ ।
ਭਰੂਣ - ਹੱਤਿਆ, ਦਾਜ ਲਾਹਨਤਾਂ ਨੂੰ
ਇਕ ਵਾਰੀ ਕਰ ਦਿਓੁਂ ਢੇਰ ।
ਜਾਤ - ਪਾਤ ਵੀ ਮੁਕਾ ਦਿਓੁਂ
ਖਤਮ ਕਰ ਦਿਓੁਂ ਤੇਰ - ਮੇਰ ।

ਇਹ ਤਾਂ ਓੁਹੀ ਹੋਈ ਬਈ
ਹਾਥੀ ਦੰਦ ਖਾਣ ਨੂੰ ਹੋਰ. ਦਿਖਾਓੁਣ ਨੂੰ ਹੋਰ ।
ਸ਼ਾਬਾਸ਼ੇ ਤੇਰੇ ਲਿਖਾਰੀਆ
ਤੇਰੀ ਬੁੱਕਲ ਦੇ ਵਿੱਚ ਚੋਰ ।

ਤੇਰੀ ਬੁੱਕਲ ਵਾਲਾ ਚੋਰ,
ਦੇਖ ਕੱਢਦਾ ਅੱਜ ਮੈਂ ਬਾਹਰ ਇਹਨੂੰ ।
ਮੇਰੇ ਤੋਂ ਕਤਲ ਨਾ ਹੋ ਜਾਵੇ,
ਤੂੰ ਖੁਦ ਹੀ ਦੇ ਮਾਰ ਇਹਨੂੰ ।
ਰਹਿਣ ਦੇ ਮਿੰਨਤ ਹੈ ਮੇਰੀ
ਪਾਵੀਂ ਨਾ ਗਲ ਹਾਰ ਇਹਨੂੰ ।
ਤੇਰੀ ਬੁੱਕਲ
ਜੇ ਬਚੀ ਤਾਂ ਬਚੀ,
ਕਰਨਾਂ ਮੈਂ ਤਾਰ ਤਾਰ ਇਹਨੂੰ ।
ਦੋਗਲਾਪਨ ਤੁਹਾਡਾ ਜੋ,
ਬੱਸ ਕਰਨਾ ਅੱਜ ਮੈਂ ਜਾਹਰ ਇਹਨੂੰ ।

ਕਿਓੁਂ ਕਿ ਕੁੜੀਆਂ ਦੇ ਹੱਕਾਂ ਲਈ
ਛਾਤੀ ਚੌੜੀ ਕਰ ਤਣ ਗਿਆ ਤੂੰ ।
ਬੱਲੇ ਓੁਏ ਯਾਰਾ
ਅਣਜੰਮੀਂ ਮਾਰ ਲਿਖਾਰੀ ਬਣ ਗਿਆ ਤੂੰ ।

ਤੈਨੂੰ, ਤੇਰੇ ਹਮਾਇਤੀਆਂ ਨੂੰ,
ਦੁੱਖ ਹੋਇਆ ਜਾਂ ਨਾ ਹੋਇਆ ।
ਪਰ ਤੇਰ ਇਸ ਕਾਰੇ ਦੇ ਦਿਨ,
ਮੈਂ ਅੰਦਰ ਵੜ੍ਹ-ਵੜ੍ਹ ਰੋਇਆ ।
ਤੇਰਾ ਕੁੱਝ ਘਟਿਆ ਜਾਂ ਨਾ
ਲੱਗਾ, ਮੇਰਾ ਕਿਸੇ ਜਰੂਰ ਕੁੱਝ ਖੋਹਿਆ ।

ਤੂੰ ਅਕਸਰ ਪੁੱਛਿਆ ਮੈਥੋਂ
ਮੈਂ ਨਰਾਜ਼ ਕਿਓੁਣ ਏਂ ?
ਇਹ ਲੈ ਅੱਜ ਦੱਸ ਦਿੱਤਾ
ਤੇਰੇ ਨਾਲ ਸ਼ਿਕਵਾ ਕਿਓੁਂ ਏਂ ।
ਲਿਖਤਾਂ ਲਿਖ ਲੈ
ਹੋਕਾ ਦੇ ਲੈ,
ਤੇਰਾ ਅੰਦਰ ਜਿਓੁਂ ਦਾ ਤਿਓੁਂ ਏਂ ।
ਆਹ ਲੈ ਅੱਜ ਮੈਂ ਦੱਸਦਾਂ ਤੈਨੂੰ
ਕਿ ਮੈਂ ਨਰਾਜ਼ ਕਿਓੁਂ ਏਂ ।

ਤੂੰ ਕੀ ਤੇ ਅੰਦਰ ਕੀ,
ਗੱਲ ਸਾਫ ਕਰੀਂ ਵੇ ਦੋਸਤਾ ।
ਮੇਰੇ ਮੁੰਹ ਫੱਟ ਹੋਣ ਲਈ,
ਮੈਨੂੰ ਮਾਫ ਕਰੀਂ ਵੇ ਦੋਸਤਾ ।
ਲੋੜ ਨਹੀਂ ਤੇਰੀ ਕਲਮ ਦੀ,
ਇਹ ਅਹਿਸਾਨ ਕਰੀਂ ਵੇ ਦੋਸਤਾ ।


ਮਨਦੀਪ ਸੁੱਜੋਂ

No comments:

Post a Comment